ਚੰਡੀਗੜ੍ਹ: ਕਿਸਾਨਾਂ ਦਾ ਹੱਲਾ ਬੋਲ ਜਾਰੀ ਹੈ।ਕਿਸਾਨ ਪੰਜਾਬ ਰਾਜ ਭਵਨ ਵੱਲ ਵੱਧ ਰਹੇ ਹਨ।ਮੁਹਾਲੀ ਤੋਂ ਪੈਦਲ ਮਾਰਚ ਕਰਦੇ ਹੋਏ ਕਿਸਾਨ ਬੈਰੀਕੇਡ ਤੋੜ ਕੇ ਚੰਡੀਗੜ੍ਹ ਵਿੱਚ ਦਾਖਲ ਹੋ ਗਏ ਹਨ।ਕਿਸਾਨਾਂ  ਨੂੰ  ਰੋਕਣ ਲਈ ਪੁਲਿਸ ਨੇ ਵਾਟਰ ਕੈਨਨ ਦਾ ਵੀ ਇਤਸਮਾਲ ਕੀਤਾ।ਪੁਲਿਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਨੇ ਰਾਜ ਭਵਨ ਵੱਲ ਕੂਚ ਜਾਰੀ ਰੱਖੀ ਹੋਈ ਹੈ।


ਕਿਸਾਨ ਚੰਡੀਗੜ੍ਹ ਵਿੱਚ ਪੰਜਾਬ ਰਾਜ ਭਵਨ ਵੱਲ ਵੱਧ ਰਹੇ ਹਨ।ਮੁਹਾਲੀ ਵੱਲੋਂ ਕਿਸਾਨ ਚੰਡੀਗੜ੍ਹ ਵਿੱਚ ਦਾਖਲ ਹੋਏ ਹਨ।ਕਿਸਾਨਾਂ ਦਾ ਕਾਫਲਾ ਸੈਕਟਰ 17 ਤੱਕ ਪਹੁੰਚ ਚੁੱਕਾ ਹੈ।ਕਰੀਬ ਤਿੰਨ ਕਿਲੋਮੀਟਰ ਦੂਰ ਹੀ ਰਹਿ ਗਿਆ ਹੈ ਰਾਜ ਭਵਨ। ਚੰਡੀਗੜ੍ਹ ਅਤੇ ਹਰਿਆਣਾ ਪੁਲਿਸ ਨੇ ਰਾਜ ਭਵਨ ਦੇ ਨੇੜੇ ਸਾਰੀਆਂ ਸੜਕਾਂ ਨੂੰ ਬੈਰੀਕੇਡ ਲਾ ਬੰਦ ਕਰ ਦਿੱਤਾ ਹੈ।ਥੋੜੀ ਦੇਰ ਤੱਕ ਕਿਸਾਨ ਅਤੇ ਪੁਲਿਸ ਫੇਰ ਤੋਂ ਆਹਮਣੇ ਸਾਹਮਣੇ ਹੋਣਗੇ।


ਇਸ ਤੋਂ ਪਹਿਲਾਂ ਕਿਸਾਨਾਂ ਨੇ ਮੁਹਾਲੀ ਦੇ ਵਾਈਪੀਐੱਸ ਚੌਕ ਤੋਂ ਅਗਲੇ ਲੱਗੇ ਪਹਿਲੇ ਪੁਲੀਸ ਬੈਰੀਕੇਡ ਨੂੰ ਤੋੜ ਕੇ ਚੰਡੀਗੜ੍ਹ ਵੱਲ ਵਧਣਾ ਸ਼ੁਰੂ ਕੀਤਾ ਸੀ। ਮੁਹਾਲੀ ਵਿੱਚ ਪੰਜਾਬ ਭਰ ’ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਗੁਰਦੁਆਰਾ ਅੰਬ ਸਾਹਿਬ ਦੇ ਮੈਦਾਨ ਵਿੱਚ ਇਕੱਤਰ ਹੋਏ। ਰਾਜ ਭਵਨ ਵੱਲ ਕਿਸਾਨਾਂ ਦੇ ਮਾਰਚ ਕਾਰਨ ਚੰਡੀਗੜ੍ਹ ਪੁਲੀਸ ਨੇ ਸਾਰੇ ਐਂਟਰੀ ਪੁਆਇੰਟ ਸੀਲ ਕੀਤੇ ਸਨ। 


ਚੰਡੀਗੜ੍ਹ ਕੂਚ ਕਰਨ ਤੋਂ ਪਹਿਲਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਇੰਡੀਅਨ ਫਾਰਮਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ, ਰੂਦਲੂ ਮਾਨਸਾ, ਬਲਦੇਵ ਸਿੰਘ ਸਿਰਸਾ ਨੇ ਸੰਬੋਧਨ ਕੀਤਾ।