Panchyat Election: ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ (ਸ਼ੁੱਕਰਵਾਰ) ਆਖ਼ਰੀ ਦਿਨ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਨਾਮਜ਼ਦਗੀਆਂ ਲਈ ਸਰਕਾਰੀ ਦਫ਼ਤਰਾਂ ਵਿੱਚ ਪਹੁੰਚ ਗਏ ਹਨ। ਇਸ ਕਾਰਨ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਕੁਝ ਥਾਵਾਂ 'ਤੇ ਮਾਮੂਲੀ ਲੜਾਈ ਦੀਆਂ ਵੀ ਖ਼ਬਰਾਂ ਹਨ। ਹਾਲਾਂਕਿ ਪੁਲਿਸ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ। 



ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਪੰਚਾਇਤੀ ਚੋਣਾਂ ਨਿਰਪੱਖ ਕਰਾਉਣ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਹੈ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਸਿੰਘ ਚੀਮਾ (daljit singh cheema) ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ  'ਧੱਕੇਸ਼ਾਹੀ' ਦੇ ਇਲਜ਼ਾਮ ਲਾਏ ਹਨ। ਚੀਮਾ ਨੇ ਕਿਹਾ ਕਿ ਨਾਮਜ਼ਦਗੀ ਭਰਨ ਵਾਲੇ ਲੋਕਾਂ ਦੇ ਕਾਗ਼ਜ਼ ਪਾੜੇ ਜਾ ਰਹੇ ਹਨ।






ਜ਼ਿਕਰ ਕਰ ਦਈਏ ਕਿ ਭਾਵੇਂ ਪਾਰਟੀ ਚੋਣ ਨਿਸ਼ਾਨ ’ਤੇ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਪਰ ਸਾਰੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਤੋਂ ਆਪਣੇ ਉਮੀਦਵਾਰਾਂ ਦੀ ਨਾਮਜ਼ਦਗੀ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। 






ਪੰਜਾਬ ਰਾਜ ਚੋਣ ਕਮਿਸ਼ਨ ਨੇ 25 ਸਤੰਬਰ ਨੂੰ ਰਾਜ ਵਿੱਚ ਪੰਚਾਇਤੀ ਚੋਣਾ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਪੰਚ ਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀ ਦਾਖ਼ਲ ਕਰਨ ਦਾ ਸਮਾਂ 27 ਤੋਂ ਅੱਜ ਤੱਕ ਨਿਸ਼ਚਿਤ ਕੀਤਾ ਗਿਆ ਸੀ। ਹਾਲਾਂਕਿ, ਪੰਜਾਬ ਅਤੇ ਹਰਿਆਣਾ ਵਿੱਚ 170 ਚੋਣਾਂ ਨਾਲ ਸਬੰਧਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਇਸ ਦੌਰਾਨ ਜ਼ਿਆਦਾਤਰ ਪਟੀਸ਼ਨਾਂ ਰਿਜ਼ਰਵੇਸ਼ਨ ਅਤੇ ਚੁੱਲ੍ਹਾ ਟੈਕਸ ਨਾਲ ਸਬੰਧਤ ਸਨ। ਹਾਈਕੋਰਟ ਨੇ ਹੁਕਮ ਦਿੰਦੇ ਹੀ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ। ਇਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਚੋਣਾਂ ਸਮੇਂ 'ਤੇ ਹੀ ਹੋਣਗੀਆਂ।