ਪਟਿਆਲਾ: ਦਿੱਲੀ ਦੀਆਂ ਹੱਦਾਂ 'ਤੇ ਮੋਦੀ ਸਰਕਾਰ ਖਿਲਾਫ ਕਿਸਾਨ ਆਪਣੇ ਹੱਕਾਂ ਲਈ ਲੜ ਰਹੇ ਹਨ ਤਾਂ ਪੰਜਾਬ ਵਿੱਚ ਬੇਰੁਜ਼ਗਾਰਾਂ ਨੇ ਕੈਪਟਨ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਸਾਂਝਾ ਕਿਸਾਨ ਮੋਰਚੇ ਵਾਂਗ ਬੇਰੁਜ਼ਗਾਰ ਸਾਂਝਾ ਮੋਰਚਾ ਵੀ ਲੰਬੇ ਸਮੇਂ ਤੋਂ ਸੰਘਰਸ਼ ਲੜ ਰਿਹਾ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਨੇੜੇ ਇਨ੍ਹਾਂ ਬੇਰੁਜਗਾਰ ਅਧਿਆਪਕਾਂ ਉੱਪਰ ਲਾਠੀਚਾਰਜ ਕੀਤਾ ਗਿਆ।



ਕੈਪਟਨ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦੇ ਘਿਰਾਓ ਲਈ ਜਾ ਰਹੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਾਰਕੁਨਾਂ ਉੱਤੇ ਮੋਤੀ ਮਹਿਲ ਦੀ ਪਹਿਰੇਦਾਰੀ ਲਈ ਤਾਇਨਾਤ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਕੁਝ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਵੀ ਲੈ ਲਿਆ, ਜਿਨ੍ਹਾਂ ’ਚ ਕੁਝ ਬੇਰੁਜ਼ਗਾਰ ਮਹਿਲਾਵਾਂ ਵੀ ਹਨ।

ਬੇਰੁਜ਼ਗਾਰ ਅਧਿਆਪਕ ਆਪਣੇ ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਾਫੀ ਚਿਰ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਸੰਘਰਸ਼ ਦੀ ਕੜੀ ਵਜੋਂ ਅੱਜ ਪੈਲੇਸ ਦੇ ਘਿਰਾਓ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਜਿਉਂ ਹੀ ਬੇਰੁਜ਼ਗਾਰ ਠੀਕਰੀਵਾਲਾ ਚੌਕ ਤੋਂ ਪੈਲੇਸ ਵੱਲ ਵਧੇ ਤਾਂ ਰਸਤੇ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਠੀਚਾਰਜ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਸਮੇਤ ਕੁਝ ਆਗੂ ਹਿਰਾਸਤ ਵਿੱਚ ਲੈ ਲਏ। ਰੋਸ ਪ੍ਰੋਗਰਾਮ ਵਿੱਚ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਯੂਨੀਅਨ, ਬੇਰੁਜ਼ਗਾਰ ਪੀਟੀਆਈ ਜੂਨੀਅਨ, ਬੇਰੁਜ਼ਗਾਰ ਡੀਪੀਈ ਯੂਨੀਅਨ ਅਤੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ ਦੇ ਕਾਰਕੁਨ ਸ਼ਾਮਲ ਸਨ।

ਇਸੇ ਤਰ੍ਹਾਂ ਹੀ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਵੱਖਰੇ ਤੌਰ ’ਤੇ ਮੋਤੀ ਬਾਗ ਪੈਲੇਸ ਦਾ ਘਿਰਾਓ ਦਾ ਪ੍ਰੋਗਰਾਮ ਸੀ। ਪੁਲੀਸ ਨੇ ਇਨ੍ਹਾਂ ਕਾਰਕੁਨਾਂ ਨੂੰ ਬਾਰਾਂਦਰੀ ਪਾਰਕ ਵਿੱਚੋਂ ਖਦੇੜ ਦਿੱਤਾ ਗਿਆ। ਇਸ ਜਥੇਬੰਦੀ ਦੇ ਸੂਬਾ ਆਗੂ ਦੀਪਕ ਕੰਬੋਜ ਸਮੇਤ ਕੁਝ ਆਗੂਆਂ ਨੂੰ ਹਿਰਾਸਤ ਹਿਰਾਸਤ ਵਿੱਚ ਲੈ ਲਿਆ ਹੈ।


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ