Punjab News : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਇਨ੍ਹੀਂ ਦਿਨੀਂ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੈ ਪਰ ਜਲਦੀ ਹੀ ਦਿੱਲੀ ਪੁਲਿਸ ਵਾਪਸ ਮੰਗੇਗੀ ਤਾਂ ਜੋ ਇਸ ਕਤਲ ਕੇਸ ਦੀ ਹੋਰ ਜਾਂਚ ਕੀਤੀ ਜਾ ਸਕੇ। ਦਿੱਲੀ ਪੁਲਿਸ ਨੇ ਗੈਂਗਸਟਰਾਂ ਖਾਸ ਕਰਕੇ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਾਰੇ ਦੋਸ਼ੀਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਲਗਾਇਆ ਹੈ। ਇਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਕੈਨੇਡਾ ਵਿੱਚ ਲੁਕੇ ਗੈਂਗਸਟਰ ਗੋਲਡੀ ਬਰਾੜ, ਗੈਂਗਸਟਰ ਨੀਰਜ ਬਵਾਨਾ, ਲੱਕੀ ਪਟਿਆਲ ਦੇ ਨਾਂ ਵੀ ਸ਼ਾਮਲ ਹਨ।


ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਹੁਣ ਤੱਕ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ। ਹਾਲਾਂਕਿ, ਉਹ ਅਜੇ ਵੀ ਕੁਝ ਗੈਂਗਸਟਰਾਂ ਅਤੇ ਕਾਤਲਾਂ ਦੀ ਭਾਲ ਵਿੱਚ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਸ ਅਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਅਧਿਕਾਰੀਆਂ ਦੀ ਬੈਠਕ 'ਚ ਗੈਂਗਸਟਰਾਂ 'ਤੇ ਯੂਏਪੀਏ ਲਾਗੂ ਕਰਨ ਦਾ ਫੈਸਲਾ ਲਿਆ ਗਿਆ। 

 

ਦਿੱਲੀ ਪੁਲਿਸ ਨੇ ਦੋ ਹੋਰ ਮਾਮਲੇ ਵੀ ਦਰਜ ਕੀਤੇ ਹਨ। ਪਹਿਲੇ ਕੇਸ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੋਂ ਇਲਾਵਾ ਵਿਕਰਮ ਬਰਾੜ, ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿਨ ਥਾਪਨ, ਲਾਰੈਂਸ ਦੇ ਭਰਾ ਅਨਮੋਲ ਬਿਸ਼ਨੋਈ, ਕਾਲਾ ਜਠੇੜੀ , ਜਸਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਲਖਬੀਰ ਸਿੰਘ ਲੰਡਾ ਦੇ ਨਾਂ ਵੀ ਸ਼ਾਮਲ ਹਨ। ਓਥੇ ਹੀ ਦੂਜੇ ਕੇਸ 'ਚ ਬੰਬੀਹਾ ਗੈਂਗ ਦੇ ਨਵੇਂ ਮੁਖੀ ਗੌਰਵ ਉਰਫ ਲੱਕੀ ਪਟਿਆਲ, ਕੌਸ਼ਲ ਚੌਧਰੀ, ਨੀਰਜ ਬਵਾਨਾ, ਅਮਿਤ ਡਾਗਰ, ਭੂਪੀ ਰਾਣਾ, ਸੁਨੀਲ ਉਰਫ ਟਿੱਲੂ ਤਾਜਪੁਰੀਆ, ਬਾਬਾ ਢੱਲਾ ਉਰਫ ਗੁਰਵਿੰਦਰ ਨੂੰ ਨਾਮਜ਼ਦ ਕੀਤਾ ਗਿਆ ਹੈ। 

 

ਦੱਸ ਦੇਈਏ ਕਿ ਦਿੱਲੀ ਪੁਲੀਸ ਨੇ ਇਨ੍ਹਾਂ ਸਾਰੇ ਗੈਂਗਸਟਰਾਂ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਗੈਂਗਸਟਰਾਂ 'ਚੋਂ ਜੋ ਇਸ ਸਮੇਂ ਜੇਲਾਂ 'ਚ ਬੰਦ ਹਨ, ਨੂੰ ਦਿੱਲੀ ਪੁਲਿਸ ਹੁਣ ਹੋਰ ਪੁੱਛਗਿੱਛ ਲਈ ਰਿਮਾਂਡ 'ਤੇ ਲੈ ਕੇ ਜਾਵੇਗੀ ਤਾਂ ਜੋ ਗੈਂਗਸਟਰਾਂ ਦੇ ਨੈੱਟਵਰਕ ਨੂੰ ਤੋੜਿਆ ਜਾ ਸਕੇ। ਇਸ ਦੇ ਨਾਲ ਹੀ ਦਿੱਲੀ ਪੁਲਿਸ ਵਿਦੇਸ਼ ਭੱਜ ਚੁੱਕੇ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰੇਗੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਤੋਂ ਵਾਪਸ ਲਵੇਗੀ।