Punjab news: ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਿੰਡ ਕੋਟ ਸ਼ਮੀਰ ਵਿਖੇ 7 ਜਨਵਰੀ ਨੂੰ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ।


ਇਸ ਰੈਲੀ ਦੀ ਅਗਵਾਈ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਦੀ ਚੋਣ ਲੜ ਚੁੱਕੇ ਹਰਵਿੰਦਰ ਸਿੰਘ ਲਾਡੀ ਕਰ ਰਹੇ ਹਨ। ਇਸ ਰੈਲੀ ਦਾ ਕਾਂਗਰਸ ਲੀਡਰਸ਼ਿਪ ਵੱਲੋਂ ਕਿਸੇ ਵੀ ਤਰ੍ਹਾਂ ਦਾ ਸੱਦਾ ਪੱਤਰ ਨਾ ਆਉਣ ਕਰਕੇ ਵਿਰੋਧ ਵੀ ਕੀਤਾ ਜਾ ਰਿਹਾ ਹੈ।


ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦਿਹਾਤੀ ਦੀ ਸੀਨੀਅਰ ਮੀਤ ਪ੍ਰਧਾਨ ਕਿਰਨਦੀਪ ਕੌਰ ਵਿਰਕ ,ਜਨਰਲ ਸੈਕਟਰੀ ਬਲਦੇਵ ਸਿੰਘ ਮੈਂਬਰ ਬਲਾਕ ਸੰਮਤੀ ਸਮੇਤ ਵੱਡੀ ਗਿਣਤੀ ਵਿੱਚ ਲੀਡਰਸ਼ਿਪ ਅਤੇ ਪੰਚਾਂ ਸਰਪੰਚਾਂ ਵੱਲੋਂ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਕੋਟਸ਼ਮੀਰ ਰੈਲੀ ਖਿਲਾਫ ਮੋਰਚਾ ਖੋਲਦਿਆਂ ਪਾਰਟੀ ਹਾਈ ਕਮਾਂਡ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Punjab Politics: ਨਵਜੋਤ ਸਿੱਧੂ ਨੇ ਖਿੱਚੀ ਲੋਕ ਸਭਾ ਚੋਣਾਂ ਦੀ ਤਿਆਰੀ ! ਹਫਤੇ 'ਚ ਇੱਕ ਵਾਰ ਲੋਕਾਂ ਨਾਲ ਕਰਨਗੇ ਮੁਲਾਕਾਤ


ਪ੍ਰੈਸ ਨਾਲ ਗੱਲਬਾਤ ਕਰਦਿਆਂ ਲੀਡਰਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸੀਨੀਅਰ ਲੀਡਰ ਹਨ ਪਰ ਉਨਾਂ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਤਰ੍ਹਾਂ ਦੀਆਂ ਪਾਰਟੀ ਵਿਰੋਧੀ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ।


ਕਿਉਂਕਿ ਵੱਖ-ਵੱਖ ਰੈਲੀਆਂ ਕਰਨ ਨਾਲ ਵਰਕਰ ਦਾ ਨੁਕਸਾਨ ਹੁੰਦਾ ਹੈ ਅਤੇ ਕਾਂਗਰਸ ਦਾ ਵੀ ਨੁਕਸਾਨ ਹੋ ਰਿਹਾ ਹੈ, ਜਿਸ ਪਾਸੇ ਪਾਰਟੀ ਹਾਈ ਕਮਾਂਡ ਨੂੰ ਵੀ ਧਿਆਨ ਦੇਣ ਦੀ ਜਰੂਰਤ ਹੈ।


ਉਨ੍ਹਾਂ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਸਨ ਤਾਂ ਉਸ ਵੇਲੇ ਸਮੁੱਚੀ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਉਹਨਾਂ ਦਾ ਪੂਰਾ ਸਾਥ ਦਿੱਤਾ ਗਿਆ ਤੇ ਹੁਣ ਉਨ੍ਹਾਂ ਨੂੰ ਵੀ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਕਬੂਲ ਕਰਨੀ ਚਾਹੀਦੀ ਹੈ।


ਇਸ ਮੌਕੇ ਆਗੂਆਂ ਵੱਲੋਂ ਹਰਵਿੰਦਰ ਸਿੰਘ ਲਾਡੀ ਖਿਲਾਫ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਪ੍ਰਤੀ ਕੋਈ ਗਤੀਵਿਧੀ ਨਹੀਂ ਅਤੇ ਨਾ ਹੀ ਉਹ ਵਰਕਰਾਂ ਨਾਲ ਤਾਲਮੇਲ ਕਰ ਰਹੇ ਹਨ ਅਤੇ ਉਨਾਂ ਦੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵੇਲੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨਜ਼ਰ ਨਾ ਆਉਣ ਕਰਕੇ ਪਾਰਟੀ ਵੱਲੋਂ ਉਹਨਾਂ ਦੀ ਮੁਢਲੀ ਮੈਂਬਰਸ਼ਿਪ 24 ਜੁਲਾਈ 2023 ਨੂੰ ਰੱਦ ਕਰ ਦਿੱਤੀ ਗਈ ਸੀ।


ਇਸ ਕਰਕੇ ਉਹਨਾਂ ਦਾ ਕਾਂਗਰਸ ਨਾਲ ਕੋਈ ਸੰਬੰਧ ਨਹੀਂ ਅਤੇ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਵੀ ਮਹਿਰਾਜ ਵਿਖੇ ਹੋ ਰਹੀ ਰੈਲੀ ਨਾਲ ਕੋਈ ਸੰਬੰਧ ਨਹੀਂ। ਸਮੁੱਚੀ ਲੀਡਰਸ਼ਿਪ ਪਾਰਟੀ ਹਾਈ ਕਮਾਂਡ ਤੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੇ ਲਗਾਮ ਲਾਉਣ ਅਤੇ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਵਾਲੇ ਲੀਡਰਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਨ। 


ਇਹ ਵੀ ਪੜ੍ਹੋ: Raja warring: ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਮਾਨਹਾਣੀ ਮਾਮਲੇ 'ਚ ਰਾਜਾ ਵੜਿੰਗ ਤੋਂ ਮੰਗੀ ਮੁਆਫ਼ੀ