ਜਲੰਧਰ: ਸਾਢੇ ਨੌਂ ਕਰੋੜ ਤੋਂ ਵੱਧ ਰੁਪਏ ਦੀ ਰਕਮ ਦੀ ਬਰਾਮਦਗੀ ਨੂੰ ਹਵਾਲਾ ਰਾਸ਼ੀ ਦਰਸਾਉਣ ਦੇ ਮਾਮਲੇ ਵਿੱਚ ਖੰਨਾ ਪੁਲਿਸ ਆਪਣੇ ਬੁਣੇ ਤਾਣੇ-ਬਾਣੇ ਵਿੱਚ ਉਲਝਦੀ ਜਾ ਰਹੀ ਹੈ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਬੀਤੀ 29 ਮਾਰਚ ਨੂੰ ਪਾਦਰੀ ਐਂਥਨੀ ਸਮੇਤ ਛੇ ਲੋਕਾਂ ਤੋਂ ਇਹ ਪੈਸਾ ਖੰਨਾ ਤੋਂ ਬਰਾਮਦ ਕੀਤਾ ਸੀ। ਹੁਣ ਸਾਊਥ ਇੰਡੀਅਨ ਬੈਂਕ ਦੀ ਚਿੱਠੀ ਨੇ ਇਸ ਤਰਕ ਨੂੰ ਝੂਠਾ ਸਾਬਤ ਕਰ ਦਿੱਤਾ ਹੈ।
ਨਵੀਂ ਜਾਣਕਾਰੀ ਮੁਤਾਬਕ ਪਾਦਰੀ ਨੇ ਬੈਂਕ ਨੂੰ ਉਨ੍ਹਾਂ ਦੇ ਘਰ ਤੋਂ ਪੈਸੇ ਲਿਜਾਣ ਲਈ ਕਿਹਾ ਸੀ, ਜਿਸ ਬਾਰੇ ਬੈਂਕ ਨੇ ਪੈਸੇ ਗਿਣਨ ਲਈ ਅਧਿਕਾਰੀ ਤੇ ਸੁਰੱਖਿਆ ਗਾਰਡ ਨੂੰ ਭੇਜਿਆ ਸੀ। ਬੈਂਕ ਵੱਲੋਂ ਜਾਰੀ ਕੀਤੀ ਚਿੱਠੀ ਵਿੱਚ ਵੀ ਲਿਖਿਆ ਗਿਆ ਹੈ ਕਿ ਕਰਮਚਾਰੀ ਨੋਟਾਂ ਦੀ ਗਿਣਤੀ ਕਰ ਰਿਹਾ ਸੀ ਤਾਂ ਪੁਲਿਸ ਪਾਰਟੀ ਉੱਥੇ ਆਈ ਤੇ ਸਾਰਾ ਪੈਸਾ ਜ਼ਬਤ ਕਰਕੇ ਆਪਣੇ ਨਾਲ ਲੈ ਗਈ। ਬੈਂਕ ਮੁਤਾਬਕ ਕਰਮਚਾਰੀ ਛਾਪੇ ਤਕ ਤਕਰੀਬਨ ਛੇ ਕਰੋੜ ਰੁਪਏ ਦੀ ਰਕਮ ਗਿਣ ਚੁੱਕੇ ਸਨ, ਜਿਸ ਨੂੰ ਪੁਲਿਸ ਮੁਲਾਜ਼ਮ ਆਪਣੇ ਨਾਲ ਹੀ ਲੈ ਗਏ ਸਨ।
ਉੱਧਰ, ਪ੍ਰਤਾਪੁਰਾ ਚਰਚ ਦੇ ਪਾਦਰੀ ਐਂਥਨੀ ਮੈਡਸਰੀ ਨੇ ਦਾਅਵਾ ਕੀਤਾ ਸੀ ਕਿ ਖੰਨਾ ਪੁਲਿਸ ਨੇ ਉਨ੍ਹਾਂ ਦੇ ਘਰੋਂ 16 ਕਰੋੜ ਦੀ ਰਕਮ ਜ਼ਬਤ ਕੀਤੀ ਸੀ, ਜਦਕਿ ਪ੍ਰੈੱਸ ਕਾਨਫਰੰਸ ਵਿੱਚ 9.6 ਕਰੋੜ ਰੁਪਏ ਹੀ ਦੱਸੇ ਸਨ। ਪਾਦਰੀ ਨੇ ਕਿਹਾ ਸੀ ਕਿ ਉਨ੍ਹਾਂ ਇਹ ਪੈਸੇ ਕਿਤਾਬਾਂ ਵੇਚ ਕੇ ਕਮਾਏ ਸਨ ਤੇ ਬੈਂਕ ਵਿੱਚ ਜਮ੍ਹਾਂ ਕਰਵਾਉਣੇ ਸਨ। ਉਨ੍ਹਾਂ ਇਸ ਬਾਰੇ ਸੀਸੀਟੀਵੀ ਫੁਟੇਜ ਵੀ ਦਿਖਾਈ ਸੀ, ਜਿਸ ਵਿੱਚ ਪੁਲਿਸ ਦੀਆਂ ਗੱਡੀਆਂ ਪਾਦਰੀ ਦੇ ਘਰ ਦੇ ਬਾਹਰ ਦਿਖਾਈ ਦੇ ਰਹੀਆਂ ਹਨ। ਪੰਜਾਬ ਪੁਲਿਸ ਮੁਖੀ ਡੀਜੀਪੀ ਦਿਨਕਰ ਗੁਪਤਾ ਨੇ ਪੈਸਿਆਂ ਦੇ ਇਸ ਹੇਰਫੇਰ ਦੀ ਜਾਂਚ ਆਈਜੀ ਕ੍ਰਾਈਮ ਨੂੰ ਸੌਂਪੀ ਹੋਈ ਹੈ।
ਦੇਖੋ ਬੈਂਕ ਦੀ ਚਿੱਠੀ-