Happy Lohri 2022: ਜਨਵਰੀ ਦਾ ਮਹੀਨਾ ਚੜਦੇ ਸਾਰ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਵਿਚੋਂ ਸਭ ਤੋਂ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ। ਲੋਹੜੀ ਦਾ ਤਿਉਹਾਰ ਆਉਣ ਵਿੱਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਇਹ ਤਿਉਹਾਰ 13 ਜਨਵਰੀ ਦਿਨ ਵੀਰਵਾਰ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ। ਲੋਹੜੀ ਨੂੰ ਸਰਦੀਆਂ ਦੇ ਜਾਣ ਤੇ ਬਸੰਤ ਦੀ ਆਮਦ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ।

ਇਸ ਤਿਉਹਾਰ ਦੇ ਅਰਥ 'ਤਿਲ+ਰਿਓੜੀ' ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ 'ਤਿਲੋੜੀ' ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ 'ਲੋਹੜੀ' ਬਣ ਗਿਆ ਹੈ। ਲੋਹੜੀ ਪੋਹ ਮਹੀਨੇ ਦਾ ਪ੍ਰਸਿੱਧ ਤਿਉਹਾਰ ਹੈ, ਇਹ ਪੋਹ ਮਹੀਨੇ ਦੀ ਅਖੀਰਲੀ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ। ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ।



ਲੋਹੜੀ ਵਾਲੀ ਰਾਤ ਨੂੰ ਅੱਗ ਬਾਲੀ ਜਾਂਦੀ ਹੈ। ਲੋਹੜੀ ਵਾਲੇ ਦਿਨ ਤਿਲ, ਗੁੜ, ਗੱਚਕ, ਰਿਓੜੀਆਂ ਤੇ ਮੂੰਗਫਲੀ ਅਗਨੀ ਨੂੰ ਭੇਟ ਕੀਤੇ ਜਾਂਦੇ ਹਨ। ਜਿਸ ਘਰ ਨਵ-ਵਿਆਹੀ ਵਹੁਟੀ ਆਈ ਹੋਵੇ ਜਾਂ ਮੁੰਡਾ ਜੰਮਿਆ ਹੋਵੇ , ਉਸ ਘਰ ਵਿੱਚ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਨਾਲ ਮਨਾਇਆ ਜਾਂਦਾ ਹੈ। ਉਸ ਘਰ ਵੱਲੋਂ ਵੇਹੜੇ, ਗੁਆਂਢੀਆਂ, ਸਕੇ ਸਬੰਧੀਆਂ ਵਿੱਚ ਲੋਹੜੀ ਵੰਡੀ ਜਾਂਦੀ ਹੈ। ਉਹ ਅੱਗ ਵਿੱਚ ਤਿੱਲ ਸੁੱਟ ਕੇ ਬੋਲਦੇ ਹਨ ਕਿ…..
ਈਸ਼ਰ ਆ, ਦਲਿੱਦਰ ਜਾ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।

ਕਿਉਂ ਮਨਾਈ ਜਾਂਦੀ ਹੈ ਲੋਹੜੀ ?
ਜਦੋਂ ਲੋਹੜੀ ਮਨਾਉਂਦੇ ਹਾਂ ਤਾਂ ਦੁੱਲਾ ਭੱਟੀ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਆਓ ਜਾਂਦੇ ਹਾਂ ਕਿ ਆਖਿਰ ਦੁੱਲਾ ਭੱਟੀ ਕੌਣ ਸੀ।  ਅਕਬਰ ਬਾਦਸ਼ਾਹ ਦੇ ਸਮੇਂ ‘ਦੁੱਲਾ ਭੱਟੀ’ ਉਸ ਸਮੇਂ ਅਮੀਰ ਲੋਕਾਂ ਨੂੰ ਲੁੱਟ ਕੇ ਸਾਰਾ ਧਨ ਗ਼ਰੀਬਾਂ ਵਿਚ ਵੰਡ ਦਿੰਦਾ ਸੀ। ਇੱਕ ਵਾਰ ਉਸ ਨੇ ਪਾਪੀ ਤੇ ਜ਼ਾਲਮ ਹਾਕਮ ਕੋਲੋਂ ਇਕ ਲੜਕੀ ਨੂੰ ਛੁਡਾਇਆ ਤੇ ਆਪਣੀ ਧਰਮ ਦੀ ਧੀ ਬਣਾ ਲਿਆ ਸੀ।

ਕਿਹਾ ਜਾਂਦਾ ਹੈ ਕਿ ਉਸ ਸਮੇਂ ਇੱਕ ਗ਼ਰੀਬ ਬ੍ਰਾਹਮਣ ਦੀਆਂ 2 ਧੀਆਂ ਸਨ ਸੁੰਦਰੀ ਤੇ ਮੁੰਦਰੀ। ਗ਼ਰੀਬ ਬ੍ਰਾਹਮਣ ਨੇ ਆਪਣੀਆਂ ਧੀਆਂ ਦੀ ਮੰਗਣੀ ਕਿਸੇ ਥਾਂ ਕਰ ਦਿੱਤੀ ਸੀ ਪਰ ਪਾਪੀ ਤੇ ਜ਼ਾਲਮ ਹਾਕਮ ਨੇ ਆਪਣੀ ਬੁਰੀ ਨਜ਼ਰ ਇਨ੍ਹਾਂ ਲੜਕੀਆਂ ‘ਤੇ ਰੱਖ ਲਈ ਅਤੇ ਬ੍ਰਾਹਮਣ ਦੀਆਂ ਧੀਆਂ ਦੀ ਸੁੰਦਰਤਾ ਬਾਰੇ ਸੁਣ ਕੇ ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਘਰ ਰੱਖਣ ਦੀ ਠਾਣ ਲਈ।

ਗ਼ਰੀਬ ਬ੍ਰਾਹਮਣ ਨੇ ਲੜਕੇ ਵਾਲਿਆਂ ਨੂੰ ਆਖਿਆ ਕਿ ਉਹ ਉਸ ਦੀਆਂ ਧੀਆਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਉਹ ਵੀ ਉਸ ਪਾਪੀ ਤੇ ਜ਼ਾਲਮ ਹਾਕਮ ਤੋਂ ਡਰ ਕੇ ਮੁੱਕਰ ਗਏ। ਜਦੋਂ ਬ੍ਰਾਹਮਣ ਨਿਰਾਸ਼ ਹੋ ਕੇ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਮੇਲ ਦੁੱਲਾ ਭੱਟੀ ਨਾਲ ਹੋਇਆ, ਜੋ ਹਾਲਾਤ ਵੱਸ ਡਾਕੂ ਬਣ ਚੁੱਕਾ ਸੀ। ਦੁੱਲਾ ਭੱਟੀ ਨੇ ਉਸ ਬ੍ਰਾਹਮਣ ਦੀਆਂ ਕੁੜੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਵਚਨ ਦਿੱਤਾ।

ਲੜਕੀਆਂ ਦੇ ਸਹੁਰੇ ਹਾਕਮਾਂ ਤੋਂ ਡਰਦੇ ਮਾਰੇ ਰਾਤ ਨੂੰ ਵਿਆਹ ਕਰਨ ਲਈ ਕਹਿਣ ਲੱਗੇ। ਦੁੱਲਾ ਭੱਟੀ ਮੁੰਡੇ ਵਾਲਿਆਂ ਦੇ ਘਰ ਗਿਆ ਤੇ ਰਾਤ ਦੇ ਹਨ੍ਹੇਰੇ 'ਚ ਜੰਗਲ ਨੂੰ ਅੱਗ ਲਾ ਕੇ ਬ੍ਰਾਹਮਣ ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ। ਦੁੱਲੇ ਭੱਟੀ ਨੇ ਲਾਗਲੇ ਪਿੰਡਾਂ ਵਿਚੋਂ ਦਾਨ ਦੇ ਰੂਪ ਵਿਚ ਗੁੜ, ਸ਼ੱਕਰ, ਬਾਲਣ, ਦਾਣੇ ਇਕੱਠੇ ਕੀਤੇ ਅਤੇ ਆਪਣੇ ਹੱਥੀਂ ਲੜਕੀਆਂ ਦੇ ਵਿਆਹ ਕੀਤੇ ‘ਤੇ ਸੇਰ-ਸੇਰ ਸ਼ੱਕਰ ਪਾਈ। ਉਸ ਦਿਨ ਤੋਂ ਇਸੇ ਤਰ੍ਹਾਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।

ਇਹ ਤਿਉਹਾਰ ਹਰ ਸਾਲ ਮਨਾਇਆ ਜਾਣ ਲੱਗਾ। ਅੱਜ ਵੀ ਜਦ ਬੱਚੇ ਘਰਾਂ ਵਿਚੋਂ ਲੋਹੜੀ ਮੰਗਦੇ ਹਨ ਤਾਂ ਇਹ ਗੀਤ ਜ਼ਰੂਰ ਗਾਉਂਦੇ ਹਨ। ਲੋਹੜੀ ਗੀਤ ਦਾ ਮਹੱਤਵ (Lohari Geet)

ਸੁੰਦਰ ਮੁੰਦਰੀਏ-ਹੋ!
ਤੇਰਾ ਕੌਣ ਵਿਚਾਰਾ-ਹੋ!
ਦੁੱਲਾ ਭੱਟੀ ਵਾਲਾ-ਹੋ!
ਦੁੱਲੇ ਨੇ ਧੀ ਵਿਆਈ-ਹੋ!
ਸੇਰ ਸ਼ੱਕਰ ਪਾਈ-ਹੋ!….

ਜਦੋਂ ਕੋਈ ਘਰ ਵਾਲਾ ਲੋਹੜੀ ਦੇਣ ਵਿਚ ਦੇਰ ਕਰਦਾ ਹੈ ਤਾਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ -ਛੇਤੀ ਤੋਰ।
ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।

ਜਦ ਕੋਈ ਘਰ ਵਾਲਾ ਫਿਰ ਵੀ ਲੋਹੜੀ ਨਾ ਦੇਵੇ ਤਾਂ ਇਹ ਟੋਲੀਆਂ ਗਾਈਆਂ ਜਾਂਦੀਆਂ ਹਨ।
ਹੁੱਕਾ ਬਈ ਹੁੱਕਾ, ਇਹ ਘਰ ਭੁੱਖਾ।