Ludhiana Court Blast : ਪੰਜਾਬ ਦੇ ਲੁਧਿਆਣਾ 'ਚ ਵੀਰਵਾਰ ਨੂੰ ਜ਼ਿਲ੍ਹਾ ਅਦਾਲਤ ਦੇ ਕੰਪਲੈਕਸ 'ਚ ਹੋਏ ਧਮਾਕੇ 'ਚ ਇਕ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਬਣੇ ਟਾਇਲਟ 'ਚ ਹੋਇਆ। ਉਸ ਸਮੇਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ। ਧਮਾਕਾ ਏਨਾ ਜ਼ਬਰਦਸਤ ਸੀ ਕਿ ਕੰਪਲੈਪਸ ਦੀ ਇਕ ਕੰਧ ਨੂੰ ਨੁਕਸਾਨ ਪਹੁੰਚਿਆ ਅਤੇ ਇਮਾਰਤ 'ਚ ਖੜੀਆਂ ਕੁਝ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ।
ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਧਮਾਕੇ ਸਬੰਧੀ ਰਿਪੋਰਟ ਮੰਗੀ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਧਮਾਕੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਦਾ ਦੌਰਾ ਕਰਨਗੇ। ਚੰਨੀ ਨੇ ਚੰਡੀਗੜ੍ਹ 'ਚ ਪੱਤਰਕਾਰਾਂ ਨੂੰ ਕਿਹਾ ਕਿ ਲੁਧਿਆਣੇ 'ਚ ਧਮਾਕਾ ਹੋਇਆ ਹੈ... ਮੈਂ ਸਿੱਧਾ ਲੁਧਿਆਣਾ ਜਾ ਰਿਹਾ ਹਾਂ।
ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਕੁਝ ਦੇਸ਼ ਵਿਰੋਧੀ ਅਤੇ ਰਾਜ ਵਿਰੋਧੀ ਤਾਕਤਾਂ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ... ਸਰਕਾਰ ਵੀ ਇਸ ਪ੍ਰਤੀ ਸੁਚੇਤ ਹੈ ਅਤੇ ਲੋਕਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਹੈ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਡੀ ਫੋਰੈਂਸਿਕ ਟੀਮ ਪਹੁੰਚ ਗਈ ਹੈ। ਕਿਉਂਕਿ ਇਹ ਇਕ ਸਰਹੱਦੀ ਸੂਬਾ ਹੈ, ਅਸੀਂ ਬਾਹਰੀ ਤਾਕਤਾਂ ਦੀ ਸੰਭਾਵਨਾ ਸਮੇਤ ਕਿਸੇ ਵੀ ਚੀਜ਼ ਨੂੰ ਰੱਦ ਨਹੀਂ ਕਰ ਸਕਦੇ, ਕਿਉਂਕਿ ਉਹ ਕਦੇ ਨਹੀਂ ਚਾਹੁੰਦੇ ਕਿ ਪੰਜਾਬ ਸਥਿਰ ਰਹੇ। ਪੂਰਾ ਰਾਜ ਹਾਈ ਅਲਰਟ 'ਤੇ ਹੈ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਫੋਰੈਂਸਿਕ ਟੀਮ ਧਮਾਕੇ ਦੀ ਜਾਂਚ ਲਈ ਘਟਨਾ ਸਥਾਨ ਤੋਂ ਨਮੂਨੇ ਇਕੱਠੇ ਕਰੇਗੀ। ਮੁੱਢਲੀ ਜਾਂਚ ਨਾਲ ਜੁੜੇ ਇਕ ਸਵਾਲ 'ਤੇ ਭੁੱਲਰ ਨੇ ਕਿਹਾ ਕਿ ਫਿਲਹਾਲ ਕੁਝ ਕਹਿਣਾ ਮੁਸ਼ਕਿਲ ਹੈ। ਜਾਂਚ ਜਾਰੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਵਿਚ ਜਾਨੀ ਨੁਕਸਾਨ ਬਾਰੇ ਜਾਣ ਕੇ ਦੁੱਖ ਹੋਇਆ ਹੈ। ਕੈਪਟਨ ਨੇ ਇਕ ਟਵੀਟ 'ਚ ਕਿਹਾ ਕਿ ਲੁਧਿਆਣਾ ਕੋਰਟ ਕੰਪਲੈਕਸ 'ਚ ਧਮਾਕੇ ਦੀ ਚਿੰਤਾਜਨਕ ਖਬਰ। ਮੌਤਾਂ ਬਾਰੇ ਜਾਣ ਕੇ ਦੁੱਖ ਹੋਇਆ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਪੰਜਾਬ ਪੁਲਿਸ ਨੂੰ ਇਸ ਦੀ ਤਹਿ ਤਕ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਹੋਏ ਧਮਾਕੇ ਦੀ ਖ਼ਬਰ ਸੁਣ ਕੇ ਸਦਮੇ ਵਿਚ ਹਾਂ, ਜਿਸ ਵਿਚ ਕੁਝ ਲੋਕ ਜ਼ਖ਼ਮੀ ਹੋਏ ਹਨ। ਗੁਰੂ ਸਾਹਿਬ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ਣ ਅਤੇ ਜ਼ਖਮੀਆਂ ਨੂੰ ਜਲਦੀ ਸਿਹਤਯਾਬ ਕਰਨ। ਪੰਜਾਬ ਸਰਕਾਰ ਨੂੰ ਰਾਜ ਵਿਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣ ਲਈ ਸਿਆਸੀ ਬਦਲਾਖੋਰੀ ਦੀ ਬਜਾਏ ਅਮਨ-ਕਾਨੂੰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Ludhiana Court Blast : ਪੰਜਾਬ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490