ਪੜਚੋਲ ਕਰੋ
ਲੁਧਿਆਣਾ ਅਗਨੀ ਕਾਂਡ: ਮਲਬਾ ਸਮੇਟਿਆ, 3 ਫਾਇਰ ਕਰਮੀਆਂ ਦਾ ਅਜੇ ਵੀ ਨਹੀਂ ਕੋਈ ਥਹੁ-ਪਤਾ

ਪੁਰਾਣੀ ਤਸਵੀਰ
ਲੁਧਿਆਣਾ: ਬੀਤੀ 20 ਨਵੰਬਰ ਨੂੰ ਸਥਾਨਕ ਸੂਫੀਆਂ ਚੌਕ ਇਲਾਕੇ ਵਿੱਚ ਪਲਾਸਟਿਕ ਦੀ ਫੈਕਟਰੀ ਵਿੱਚ ਲੱਗੀ ਤੋਂ ਬਾਅਦ ਢਹਿ-ਢੇਰੀ ਹੋਈਆਂ ਇਮਾਰਤਾਂ ਦਾ ਮਲਬਾ ਤਕਰੀਬਨ ਸਮੇਟਿਆ ਜਾ ਚੁੱਕਾ ਹੈ। ਪਰ ਹਾਲੇ ਤਕ ਵੀ ਅੱਗ ਬੁਝਾਊ ਦਸਤੇ ਦੇ 3 ਮੁਲਾਜ਼ਮ ਲਾਪਤਾ ਹਨ। ਹਾਲੇ ਤਕ ਮਲਬੇ ਵਿੱਚੋਂ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਕੌਮੀ ਆਫ਼ਤ ਰਾਹਤ ਬਲ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਰੀ ਰਾਹਤ ਕਾਰਜ ਤਕਰੀਬਨ ਮੁਕੰਮਲ ਹੋ ਗਏ ਹਨ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤੇ ਹਨ ਕਿ ਸ਼ਹਿਰ ਵਿੱਚ ਸਾਰੀਆਂ ਪੁਰਾਣੀਆਂ ਇਮਾਰਤਾਂ ਦੀ ਜਾਂਚ ਕੀਤੀ ਜਾਵੇਗੀ ਤੇ ਜਿਨ੍ਹਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਡੇਗਿਆ ਜਾਵੇਗਾ। ਲੁਧਿਆਣਾ ਨਗਰ ਨਿਗਮ ਕਮਿਸ਼ਨਰ ਨੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਤੇ ਸਥਾਨਕ ਲੋਕਾਂ ਵੱਲੋਂ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਫੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਵੱਲੋਂ ਕੋਈ ਜਾਣਕਾਰੀ ਨਾ ਦੇਣ ਕਾਰਨ ਇਮਾਰਤ ਦੇ ਢਹਿਣ ਤੋਂ ਬਾਅਦ ਵੀ ਭੜਕਦੀ ਅੱਗ ਨੇ ਕਾਫੀ ਸਮੱਸਿਆ ਪੈਦਾ ਕੀਤੀ। ਐਨ.ਡੀ.ਆਰ.ਐੱਫ. ਦੇ ਚੀਫ ਸ਼ਸ਼ੀ ਚੰਦਰਾ ਨੇ ਕਿਹਾ ਕਿ ਫੈਕਟਰੀ ਵਿੱਚ ਰੱਖੇ ਗਏ ਰਸਾਇਣ ਕਾਰਨ ਰਾਹਤ ਕਾਰਜਾਂ ਦੇ ਅੰਤ ਤਕ ਅੱਗ ਲੱਗਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇੱਥੇ ਹੁਣ ਦਸਤੀ ਰਾਹਤ ਕਾਰਜ ਭਾਵ ਮੈਨੂਅਲ ਆਪ੍ਰੇਸ਼ਨ ਚੱਲੇਗਾ। ਹਾਲਾਂਕਿ, ਕਾਰਖਾਨੇ ਦੇ ਮਾਲਕ ਵਿਰੁੱਧ ਕੇਸ ਦਰਜ ਹੋ ਚੁੱਕਿਆ ਹੈ ਤੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਹਾਲੇ ਤਕ ਲਾਪਤਾ ਫਾਇਰ ਕਰਮੀਆਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਹੋਈਆਂ ਮੌਤਾਂ ਤੇ ਜ਼ਖ਼ਮੀਆਂ ਬਾਰੇ ਜਾਣਕਾਰੀ ਵੀ ਪੂਰੀ ਨਹੀਂ ਮਿਲੀ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਇੰਨਾ ਜ਼ਰੂਰ ਕਿਹਾ ਹੈ ਕਿ ਹਾਦਸੇ ਦੌਰਾਨ ਫੱਟੜ ਹੋਏ ਲੋਕਾਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 20 ਨਵੰਬਰ 2017 ਨੂੰ ਸਵੇਰੇ ਅੱਠ ਵਜੇ ਲੁਧਿਆਣਾ ਦੇ ਸਨਅਤੀ ਖੇਤਰ ‘ਏ’ ਵਿੱਚ ਅਮਰਸਨ ਪੌਲੀਮਰਜ਼ ਨਾਂ ਦੇ ਪਲਾਸਟਿਕ ਤੇ ਪੌਲੀਥੀਨ ਬਣਾਉਣ ਵਾਲੇ ਕਾਰਖ਼ਾਨੇ ਨੂੰ ਭਿਆਨਕ ਅੱਗ ਲੱਗ ਗਈ ਸੀ। ਸੂਚਨਾ ਮਿਲਦੇ ਹੀ ਅੱਗ ਬਝਾਊ ਵਿਭਾਗ ਦੀਆਂ 20 ਗੱਡੀਆਂ ਮੌਕੇ ਉੱਤੇ ਪਹੁੰਚ ਗਈਆਂ ਸਨ। ਕਰਮਚਾਰੀਆਂ ਮੁਤਾਬਕ ਤਿੰਨ ਤੋਂ ਚਾਰ ਘੰਟੇ ਤੋਂ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸੇ ਦੌਰਾਨ ਅਚਾਨਕ ਉਕਤ ਕਾਰਖ਼ਾਨੇ ਦੀ ਇਮਾਰਤ ਡਿੱਗ ਗਈ। ਇਸ ਤੋਂ ਕੁਝ ਸਮੇਂ ਬਾਅਦ ਨਾਲ ਲੱਗਦੀ ਇੱਕ ਹੋਰ ਇਮਾਰਤ ਵੀ ਡਿੱਗ ਗਈ ਤੇ ਕੁੱਲ ਤਿੰਨ-ਚਾਰ ਇਮਾਰਤਾਂ ਨੁਕਸਾਨੀਆਂ ਗਈਆਂ, ਜਿਨ੍ਹਾਂ ਦੇ ਮਲਬੇ ਹੇਠ ਕਈ ਲੋਕ ਦੱਬੇ ਗਏ ਸਨ।
ਹੋਰ ਪੜ੍ਹੋ























