ਚੰਡੀਗੜ੍ਹ: ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਵਾਈ ਨਾਜਾਇਜ਼ ਉਸਾਰੀਆਂ ਤੇ ਸੀਐਲਯੂ (ਜ਼ਮੀਨ ਦੀ ਵਰਤੋਂ ’ਚ ਤਬਦੀਲੀ) ਨੇ ਮਾਮਲੇ ਵਿੱਚ ਕਰਵਾਈ ਜਾਂਚ ਦੀ ਰਿਪੋਰਟ ਸਾਹਮਣੇ ਆਈ ਹੈ। ਇਸ ਵਿੱਚ ਇੱਕ ਕੈਬਨਿਟ ਮੰਤਰੀ, ਤਿੰਨ ਸੀਨੀਅਰ IAS ਅਫ਼ਸਰ ਅਤੇ 16 ਹੋਰ ਅਫ਼ਸਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ।
ਸਥਾਨਕ ਸਰਕਾਰਾਂ ਵਿਭਾਗ ਦੇ ਸੂਤਰਾਂ ਮੁਤਾਬਕ ਜਾਂਚ ਰਿਪੋਰਟ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਰਹੇ ਕੰਵਲਜੀਤ ਸਿੰਘ ਕੜਵਲ ਵੱਲੋਂ ਬਿਲਡਰਾਂ ਤੇ ਅਧਿਕਾਰੀਆਂ ਨੂੰ ‘ਸਿਆਸੀ ਸੁਰੱਖਿਆ’ ਦੇਣ ਅਤੇ ‘ਮਿਲੀਭੁਗਤ’ ਕਰਨ ਦਾ ਖ਼ੁਲਾਸਾ ਹੋਇਆ ਹੈ। ਇਸ ਦੇ ਨਾਲ ਹੀ IAS ਅਫ਼ਸਰਾਂ ਨੂੰ ਵੀ ਸਰਕਾਰ ਤੋਂ ਅਸਲੀ ਤੱਥ ਲੁਕਾ ਕੇ ਗ਼ਲਤ ਢੰਗ ਨਾਲ ਸਾਈਟ ਦੇ ਨਕਸ਼ੇ ਪਾਸ ਕਰਾਉਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਘਪਲੇ ਨਾਲ ਸਰਕਾਰੀ ਮਾਲੀਏ ਨੂੰ ਵੱਡੀ ਸੰਨ੍ਹ ਲੱਗੀ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਗਿੱਲ ਰੋਡ ’ਤੇ ਵਿਵਾਦਿਤ ਗਰਾਂਡ ਮੈਨਰ ਹੋਮਜ਼ ਦੇ ਮਾਮਲੇ ਸਬੰਧੀ ਮਿਲੀਆਂ ਸ਼ਿਕਾਇਤਾਂ ਬਾਅਦ ਨਵਜੋਤ ਸਿੰਘ ਸਿੱਧੂ ਨੇ 13 ਜੁਲਾਈ, 2018 ਨੂੰ ਵਿਭਾਗ ਦੇ ਚੀਫ ਵਿਜੀਲੈਂਸ ਅਫ਼ਸਰ (CVO) ਨੂੰ ਜਾਂਚ ਦੇ ਹੁਕਮ ਦਿੱਤੇ ਸੀ। ਇਸ ਦੇ ਨਾਲ ਹੀ ਘੱਟੋ-ਘੱਟ DSP ਪੱਧਰ ਦੇ ਅਧਿਕਾਰੀਆਂ ਕੋਲੋਂ ਇਸ ਮਾਮਲੇ ਦੀ ਜਾਂਚ ਕਰਾਉਣ ਲਈ ਕਿਹਾ ਗਿਆ ਸੀ।
ਇਸ ਮਾਮਲੇ ਵਿੱਚ ਜਿਨ੍ਹਾਂ ਹੋਰ 16 ਅਫ਼ਸਰਾਂ ਨੂੰ ਦੋਸ਼ੀ ਪਾਇਆ ਗਿਆ ਹੈ, ਉਨ੍ਹਾਂ ਵਿੱਚ ਮਾਲੀਆ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਸਮੇਤ ਵਿਵਾਦਿਤ ਟਾਊਨ ਪਲਾਨਰ ਐਸਐਸ ਬਿੰਦਰਾ ਵੀ ਸ਼ਾਮਲ ਹਨ। ਯਾਦ ਰਹੇ ਬਿੰਦਰਾ ਦੇ ਘਰ ਪਿਛਲੇ ਦਿਨੀਂ ਇਨਕਮ ਟੈਕਸ ਦੀ ਟੀਮ ਨੇ ਛਾਪਾ ਮਾਰਿਆ ਸੀ। ਉਨ੍ਹਾਂ ਨੂੰ ਪੂਰੇ ਮਾਮਲੇ ਦਾ ਮਾਸਟਰ ਮਾਈਂਡ ਦੱਸਿਆ ਜਾ ਰਿਹਾ ਹੈ। ਰਿਪੋਰਟ ਵਿੱਚ ਉਨ੍ਹਾਂ ਖ਼ਿਲਾਫ਼ ਵੱਖਰੀ ਜਾਂਚ ਕਰਾਉਣ ਦੀ ਗੱਲ ਕੀਤੀ ਗਈ ਹੈ।