ਲੁਧਿਆਣਾ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਅਗਵਾਈ ਵਿੱਚ ਲੁਧਿਆਣਾ ਟੋਲ ਪਲਾਜ਼ਾ ਬੰਦ ਕਰਵਾਏ ਜਾਣ ਤੋਂ 24 ਘੰਟੇ ਬਾਅਦ ਵੀ ਇਹੋ ਸਥਿਤੀ ਬਰਕਰਾਰ ਹੈ। ਪਿਛਲੇ 24 ਘੰਟਿਆਂ ਤੋਂ ਲੁਧਿਆਣਾ ਟੋਲ ਪਲਾਜ਼ੇ ਤੋਂ ਇੱਕ ਵੀ ਪਰਚੀ ਕੱਟੀ ਨਹੀਂ ਗਈ। ਟੋਲ ਬੰਦ ਕਰਵਾਉਣ ਸਮੇਂ ਇੱਥੇ ਹਲਕੀ ਹਿੰਸਾ ਵੀ ਹੋਈ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ ਹੈ।


ਲੋਕ ਸਭਾ ਮੈਂਬਰ ਰਵਨੀਤ ਬਿੱਟੂ ਦੀ ਮੰਗ ਹੈ ਕਿ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਜਿੰਨਾ ਚਿਰ ਬਾਕੀ ਰਹਿੰਦੇ ਤਿੰਨ ਫਲਾਈਓਵਰਜ਼ ਦੀ ਉਸਾਰੀ ਨਹੀਂ ਕਰਦੀ, ਓਨਾ ਚਿਰ ਟੋਲ ਚਾਲੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ 'ਤੇ ਕੇਸ ਦਰਜ ਵੀ ਹੋ ਜਾਵੇ ਤਾਂ ਵੀ ਕੋਈ ਪਰਵਾਹ ਨਹੀਂ ਹੈ। ਐਮਪੀ ਨੇ ਟੋਲ ਬੰਦ ਕਰਵਾਉਣ ਸਮੇਂ ਹੋਈ ਹਿੰਸਾ ਦੀ ਸਫਾਈ ਦਿੰਦਿਆਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਜਮ੍ਹਾਂ ਹੋਏ ਲੋਕਾਂ ਦੀ ਭੀੜ ਵਿੱਚ ਸ਼ੀਸ਼ਾ ਟੁੱਟਣਾ ਕੋਈ ਵੱਡੀ ਗੱਲ ਨਹੀਂ ਹੈ। ਤੋੜਭੰਨ ਦਾ ਇਲਜ਼ਾਮ ਕਾਂਗਰਸੀ ਲੀਡਰ ਕਮਲਜੀਤ ਸਿੰਘ ਕਡਵਲ 'ਤੇ ਹੈ।

ਬਿੱਟੂ ਨੇ ਇਹ ਵੀ ਕਿਹਾ ਕਿ ਵਿਰੋਧੀ ਧਿਰਾਂ ਨੂੰ ਸਿਆਸੀ ਬਿਆਨਬਾਜ਼ੀ ਛੱਡ ਇਸ ਮਸਲੇ ਦੇ ਹੱਲ ਲਈ ਸਾਰਥਕ ਪਹੁੰਚ ਕਰਨੀ ਚਾਹੀਦੀ ਹੈ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਟੋਲ ਬੰਦ ਕਰਵਾਉਣ ਜਾਂ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਦਬਾਅ ਪਾਉਣ। ਉਨ੍ਹਾਂ ਕਿਹਾ ਕਿ ਲਾਢੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ ਅਤੇ ਇਸ ਨੂੰ ਘੱਟ ਕਰਵਾਉਣ ਦਾ ਮੁੱਦਾ ਵੀ ਉਹ ਐਨਐਚਏਆਈ ਤੇ ਕੰਪਨੀ ਕੋਲ ਚੁੱਕਣਗੇ।