ਚੰਡੀਗੜ੍ਹ : ਪੰਜਾਬ ਵਿੱਚ ਪਸ਼ੂਆਂ ਵਿੱਚ ਲੰਪੀ ਸਕਿੱਨ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਸੈਂਕੜੇ ਪਸ਼ੂ ਮਾਰੇ ਗਏ ਹਨ। ਪਸ਼ੂਆਂ ਨੂੰ ਮਰਦੇ ਹੋਏ ਦੇਖ ਕਿਸਾਨ ਪਰੇਸ਼ਾਨ ਹੋਏ ਪਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਬਿਮਾਰੀ ਕਾਬੂ ਨਾ ਪਾਈ ਗਈ ਤਾਂ ਇਸ ਦਾ ਸੂਬੇ ਵਿੱਚ ਦੁੱਧ ਉਤਪਾਦਨ 'ਤੇ ਅਸਰ ਪਵੇਗਾ।

 

ਇਸ ਤੋਂ ਪਹਿਲਾਂ ਗੁਜਰਾਤ ਅਤੇ ਰਾਜਸਥਾਨ ਦੇ ਪਸ਼ੂ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਹੋਏ ਸਨ। ਇਸ ਬਿਮਾਰੀ ਨੇ ਗੁਜਰਾਤ ਵਿੱਚ 12 ਹਜ਼ਾਰ ਅਤੇ ਰਾਜਸਥਾਨ ਵਿੱਚ 3 ਹਜ਼ਾਰ ਪਸ਼ੂਆਂ ਦੀ ਜਾਨ ਲੈ ਲਈ ਸੀ। ਹੁਣ ਪੰਜਾਬ ਵਿੱਚ ਇਸ ਬਿਮਾਰੀ ਦੇ ਆਉਣ ਤੋਂ ਬਾਅਦ ਚਿੰਤਾਵਾਂ ਹੋਰ ਵਧ ਗਈਆਂ ਹਨ।

 

ਓਧਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਰਹੱਦੀ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਸੂਬੇ ਵਿੱਚ ਇਸ ਬਿਮਾਰੀ ਨਾਲ ਲੜਨ ਲਈ 76 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ।  ਸਰਹੱਦੀ ਖੇਤਰ ਦੇ ਹਰੇਕ ਜ਼ਿਲ੍ਹੇ ਨੂੰ 5-5 ਲੱਖ ਰੁਪਏ ਅਤੇ ਹੋਰ ਜ਼ਿਲ੍ਹਿਆਂ ਨੂੰ 3 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਤਾਂ ਜੋ ਗੰਢੀ ਦੀ ਬਿਮਾਰੀ ਤੋਂ ਪੀੜਤ ਪਸ਼ੂਆਂ ਲਈ ਦਵਾਈ ਸ਼ੁਰੂ ਕੀਤੀ ਜਾ ਸਕੇ। 

 

 ਇਸ ਬਿਮਾਰੀ ਦੇ ਲੱਛਣ


ਇਸ ਬਿਮਾਰੀ ਵਿੱਚ ਪਸ਼ੂ ਨੂੰ ਬੁਖਾਰ ਹੋ ਜਾਂਦਾ ਹੈ। ਇਸ ਦੇ ਨਾਲ ਹੀ ਭਾਰ ਘਟਣਾ, ਲਾਰ ਵਗਣਾ, ਅੱਖਾਂ ਅਤੇ ਨੱਕ ਦਾ ਵਗਣਾ, ਦੁੱਧ ਘੱਟ ਹੋਣਾ, ਸਰੀਰ 'ਤੇ ਵੱਖ-ਵੱਖ ਤਰ੍ਹਾਂ ਦੇ ਨੋਡਿਊਲ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਵਿੱਚ ਸਰੀਰ ਵਿੱਚ ਗੰਢਾਂ ਵੀ ਬਣ ਜਾਂਦੀਆਂ ਹਨ। ਇਸ ਨਾਲ ਮਾਦਾ ਪਸ਼ੂਆਂ ਵਿੱਚ ਬਾਂਝਪਨ, ਗਰਭਪਾਤ, ਨਿਮੋਨੀਆ ਅਤੇ ਲੰਗੜਾਪਨ ਹੋ ਸਕਦਾ ਹੈ।

 

ਦੱਸ ਦਈਏ ਕਿ ਪੰਜਾਬ ਵਿੱਚ ਚਮੜੀ ਰੋਗ (ਲੰਪੀ ਸਕਿੱਨ) ਕਰਕੇ ਹੁਣ ਤੱਕ 300 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਬਿਮਾਰ ਪਸ਼ੂਆਂ ਦਾ ਅੰਕੜਾ 11 ਹਜ਼ਾਰ ਤੱਕ ਪੁੱਜ ਗਿਆ ਹੈ। ਇਸ ਕਾਰਨ ਪਸ਼ੂ ਪਾਲਕਾਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿਚ ਚਮੜੀ ਰੋਗ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਫ਼ਿਲਹਾਲ ਪਸ਼ੂ ਮੇਲੇ ਨਹੀਂ ਲੱਗਣਗੇ।