ਬਠਿੰਡਾ: ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਪਸ਼ੂ ਦੀ ਬਿਮਾਰੀ ਨਾਲ ਮੌਤ ਹੁੰਦੀ ਤਾਂ ਉਸ ਨੂੰ ਖੁੱਲ੍ਹੇ ਚ ਜਾਂ ਹੱਡਾਰੋੜੀ ਚ ਸੁੱਟਣ ਦੀ ਬਜਾਏ ਜ਼ਮੀਨ ਵਿੱਚ ਦਬਾਇਆ ਜਾਵੇ ਤਾਂ ਜੋ ਪਸ਼ੂਆਂ ਚ ਪਾਈ ਜਾਣ ਵਾਲੀ ਬਿਮਾਰੀ ਲੰਪੀ ਸਕਿੱਨ ਨੂੰ ਹੋਰ ਅੱਗੇ ਫ਼ੈਲਣ ਤੋਂ ਰੋਕਿਆ ਜਾ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਚਾਇਤਾਂ ਸੁਚੇਤ ਤੇ ਆਮ ਲੋਕਾਂ ਨੂੰ ਪਸ਼ੂਆਂ ਚ ਪਾਈ ਜਾਣ ਵਾਲੀ ਬਿਮਾਰੀ ਲੰਪੀ ਸਕਿੱਨ ਬਾਰੇ ਜਾਗਰੂਕ ਕਰਨ ਕਿ ਕਿਸੇ ਵੀ ਪਸ਼ੂ ਦੀ ਮੌਤ ਹੋਣ ਤੇ ਉਸ ਨੂੰ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਏ ਜ਼ਮੀਨ ਵਿੱਚ ਦਬਾਇਆ ਜਾਵੇ ਤਾਂ ਜੋ ਪਸ਼ੂਆਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਤੋਂ ਨਿਯਾਤ ਮਿਲ ਸਕੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਤੋਂ ਇਲਾਵਾ ਜ਼ਿਲ੍ਹੇ ਅਧੀਨ ਪੈਂਦੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਉਹ ਵੀ ਆਪੋਂ-ਆਪਣੇ ਖੇਤਰ ਨਾਲ ਸਬੰਧਤ ਲੋਕਾਂ ਨੂੰ ਇਸ ਬਿਮਾਰੀ ਸਬੰਧ ਆਮ ਲੋਕਾਂ ਨੂੰ ਸੂਚੇਤ ਕਰਦਿਆਂ ਪਸ਼ੂ ਦੀ ਮੌਤ ਹੋਣ ਤੇ ਉਸ ਨੂੰ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਏ ਜ਼ਮੀਨ ਵਿੱਚ ਦਬਾਉਣਾ ਯਕੀਨੀ ਬਣਾਉਣ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਬਠਿੰਡਾ-ਕਮ-ਜੁਆਇੰਟ ਡਾਇਰੈਕਟਰ ਪਸ਼ੂ ਪਾਲਣ ਪੰਜਾਬ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਡਾ. ਰਾਮਪਾਲ ਮਿੱਤਲ ਨੇ ਕਿਹਾ ਕਿ ਮਰੇ ਹੋਏ ਜਾਨਵਰ ਨੂੰ ਦਬਾਉਣ ਲਈ ਪੁੱਟਿਆ ਹੋਇਆ ਟੋਆ ਮਨੁੱਖੀ ਆਬਾਦੀ ਅਤੇ ਪਾਣੀ ਦੇ ਸਰੋਤ ਤੋਂ ਘੱਟੋਂ-ਘੱਟ 250 ਮੀਟਰ ਦੂਰੀ ਤੇ ਹੋਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਖ਼ਾਸ ਦੱਸਿਆ ਕਿ ਮਰੇ ਹੋਏ ਪਸ਼ੂ ਨੂੰ ਦਬਾਉਣ ਉਪਰੰਤ ਟੋਏ ਨੂੰ ਢਕਣ ਲਈ ਘੱਟੋਂ-ਘੱਟ 03 ਫੁੱਟ ਮਿੱਟੀ ਉਪਰ ਪਾਈ ਜਾਣੀ ਚਾਹੀਦੀ ਹੈ। ਪਸ਼ੂ ਦੀ ਲਾਸ਼ ਦੇ ਹੇਠਾਂ ਅਤੇ ਉਪਰ ਘੱਟੋਂ-ਘੱਟ 2 ਇੰਚ ਚੂਨੇ ਦੀ ਪਰਤ ਅਤੇ ਟੋਏ ਦਾ ਆਕਾਰ 8x7 ਫੁੱਟ ਅਤੇ ਘੱਟੋਂ-ਘੱਟ 6 ਫੁੱਟ ਡੂੰਘਾ ਹੋਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ