ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਦੇ ਇੱਕ ਵਿਅਕਤੀ ਤੋਂ ਮੁਨਸ਼ੀ ਤੇ ਚੌਕੀ ਇੰਚਾਰਜ ਨੂੰ ਰਿਸ਼ਵਤ ਮੰਗਣੀ ਮਹਿੰਗੀ ਪੈ ਗਈ ਜਾਪਦੀ ਹੈ। ਵਾਹਿਗੁਰੂ ਸਿੰਘ ਨਾਂ ਦੇ ਵਿਅਕਤੀ ਨੇ ਫ਼ਰੀਦਕੋਟ ਦੇ ਪੁਲਿਸ ਕਪਤਾਨ ਕੋਲ ਥਾਣਾ ਸਦਰ ਦੇ ਮੁਨਸ਼ੀ ਤੇ ਗੋਲੇਵਾਲਾ ਚੌਕੀ 'ਚ ਤਾਇਨਾਤ ਮੁਲਾਜ਼ਮ ਤੋਂ ਦੋ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਿਕਾਇਤਕਰਤਾ ਵਾਹਿਗੁਰੂ ਸਿੰਘ ਮੁਤਾਬਕ ਉਸ ਦਾ ਮੋਟਰਸਾਈਕਲ ਕਿਸੇ ਮਾਮਲੇ ਤਹਿਤ ਪੁਲਿਸ ਕੋਲ ਜ਼ਬਤ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਅਦਾਲਤ ਤੋਂ ਰਿਲੀਜ਼ ਵਾਰੰਟ ਲਿਆ ਕੇ ਮੋਟਰਸਾਈਕਲ ਲਿਜਾਣਾ ਚਾਹਿਆ ਤਾਂ ਥਾਣਾ ਸਦਰ ਦੇ ਮੁੱਖ ਮੁਨਸ਼ੀ ਨੇ ਉਸ ਤੋਂ ਮੋਟਰਸਾਈਕਲ ਦੀ ਸਪੁਰਦਗੀ ਬਦਲੇ ਦੋ ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਤਾਂ ਸੌਦਾ ਇੱਕ ਹਜ਼ਾਰ ਵਿੱਚ ਤੈਅ ਹੋ ਗਿਆ।

ਵਾਹਿਗੁਰੂ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੋਲੇਵਾਲਾ ਚੌਕੀ 'ਚੋਂ ਮੋਟਰਸਾਈਕਲ ਲੈਣ ਗਿਆ ਤਾਂ ਉੱਥੇ ਮੌਜੂਦ ਮੁਲਾਜ਼ਮ ਨੇ ਉਸ ਨੂੰ ਮੋਟਰਸਾਈਕਲ ਦੇ ਦਿੱਤਾ ਪਰ ਉਸ ਦੇ ਕਾਗ਼ਜ਼ਾਤ ਬਾਅਦ ਵਿੱਚ ਲਿਜਾਣ ਲਈ ਕਿਹਾ। ਕਿਉਂਕਿ ਵਾਹਿਗੁਰੂ ਕੋਲ ਸਿਰਫ 200 ਰੁਪਏ ਸਨ ਤੇ ਉਸ ਨੂੰ ਤੈਅ 1000 ਰੁਪਿਆਂ ਦੀ ਰਿਸ਼ਵਤ ਦਾ ਭੁਗਤਾਨ ਕਰਨਾ ਸੀ। ਉਸ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਲਈ ਤੇ ਫ਼ਰੀਦਕੋਟ ਦੇ ਪੁਲਿਸ ਕਪਤਾਨ ਨੂੰ ਸ਼ਿਕਾਇਤ ਕੀਤੀ।

ਐਸ.ਐਸ.ਪੀ. ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਬਤ ਸ਼ਿਕਾਇਤ ਮਿਲੀ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਰਿਸ਼ਵਤ ਦੀ ਮੰਗ ਕੀਤੀ ਹੈ। ਉਹ ਇਸ ਬਾਰੇ ਪੜਤਾਲ ਕਰਵਾ ਰਹੇ ਹਨ। ਪੁਲਿਸ ਕਪਤਾਨ ਨੇ ਕਿਹਾ ਕਿ ਵੀਡੀਓ ਤੇ ਸਾਰੇ ਤੱਥ ਜਾਂਚਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।