ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ: ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕੌਣ ਕਹਿੰਦਾ ਹੈ ਪੰਜਾਬ 'ਚੋਂ ਨਸ਼ੇ ਖਤਮ ਹੋ ਗਏ ਹਨ? ਤਰਨ ਤਾਰਨ ਦੇ ਇੱਕ ਵਿਅਕਤੀ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ 'ਚਿੱਟਾ' ਵੇਚਣ ਵਾਲੇ ਡਰੱਗ ਮਾਫੀਆ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਹੈ।


ਖਹਿਰਾ ਨੇ ਕਿਹਾ ਕਿ ਉਕਤ ਵਿਅਕਤੀ ਮੌਕੇ ਤੋਂ ਲਾਈਵ ਹੋ ਗਿਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।  

ਉਕਤ ਵਿਅਕਤੀ ਨੇ ਇਸ ਵੀਡੀਓ ਜ਼ਰੀਏ ਸਰਕਾਰ ਦੇ ਨਸ਼ਾ ਖ਼ਤਮ ਕਰਨ ਵਾਲੇ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਵੀਡੀਓ ਵਿੱਚ ਵਿਅਕਤੀ ਨੇ ਦੱਸਿਆ ਕਿ ਬਾਬਾ ਬੁੱਢਾ ਮੋੜ, ਝਬਾਲ ਖੁਰਦ ਰੋਡ 'ਤੇ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਤੋਂ 3 ਘੰਟੇ ਪਹਿਲਾਂ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਾ ਰਿਹਾ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ 3 ਘੰਟੇ ਬਾਅਦ ਚਿੱਟੇ ਦੀ ਪੂੜੀ ਸ਼ਰੇਆਮ 500 ਰੁਪਏ ਵਿੱਚ ਮਿਲ ਰਹੀ ਹੈ।

ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਸ਼ਰੇਆਮ ਚਿੱਟਾ ਵੇਚਣ ਦੀਆਂ ਵੀਡਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤੋਂ ਬਾਅਦ ਪੁਲਿਸ ਵੱਲੋਂ ਸਖ਼ਤ ਕਦਮ ਚੁੱਕਣ ਦੀ ਗੱਲ ਹਮੇਸ਼ਾ ਕਹਿ ਜਾਂਦੀ ਹੈ ਪਰ ਫੇਰ ਵੀ ਨਸ਼ੇ ਦੇ ਤਸਕਰ ਅਪਣਾ ਧੰਦਾ ਬੇਖੌਫ ਹੋ ਕੇ ਲਗਾਤਾਰ ਕਰ ਰਹੇ ਹਨ। ਪੰਜਾਬ ਵਿੱਚ ਚੱਲ ਰਿਹਾ ਇਹ ਗਲਤ ਧੰਦਾ ਆਖਰ ਕਦੋਂ ਬੰਦ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।

ਦੱਸ ਦੇਈਏ ਕਿ 15 ਦਸੰਬਰ 2015 ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਬਠਿੰਡਾ ਵਿੱਚ ਇੱਕ ਰੈਲੀ ਦੌਰਾਨ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਹੁੰ ਖਾਧੀ ਸੀ ਕਿ "ਚਾਰ ਹਫ਼ਤਿਆਂ 'ਚ ਨਸ਼ੇ ਦਾ ਲੱਕ ਤੋੜ ਕੇ ਛਡੂੰ। ਕਾਂਗਰਸ ਨਸ਼ੇ ਨੂੰ ਖ਼ਤਮ ਕਰਨ ਦਾ ਵਾਅਦਾ ਕਰਕੇ 2017 ਵਿੱਚ ਪੰਜਾਬ ਵਿੱਚ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ 77 ਸੀਟਾਂ ਜਿੱਤ ਕੇ ਸੱਤਾ ਵਿੱਚ ਕਾਬਜ਼ ਹੋਈ ਪਰ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਕੁੱਝ ਨਹੀਂ ਹੋਇਆ।

ਪੰਜਾਬ ਵਿੱਚ ਚਿੱਟੇ ਤੇ ਨਸ਼ਿਆਂ ਦਾ ਅੰਨ੍ਹੇਵਾਹ ਵਪਾਰ ਜਾਰੀ ਹੈ। ਸੂਬੇ ਵਿੱਚ ਚਿੱਟਾ ਨਸ਼ਾ ਇਸ ਕਦਰ ਫੈਲ ਚੁੱਕਿਆ ਕਿ ਆਏ ਦਿਨ ਛੈਲ ਛਬੀਲੇ ਨੌਜਵਾਨ ਗੱਭਰੂ ਨਸ਼ਿਆਂ ਦੀ ਭਿਆਨਕ ਲਤ ਕਾਰਨ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ।