ਫਾਜ਼ਿਲਕਾ: 20 ਰੁਪਏ ਦੇ ਬਰਗਰ ਪਿੱਛੇ ਇੱਕ ਨੌਜਵਾਨ ਨੇ ਰੇਹੜੀ ਵਾਲੇ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਉਮਰ ਮਹਿਜ਼ 22 ਸਾਲ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ।


ਮ੍ਰਿਤਕ ਦੀ ਪਛਾਣ ਸੁਖਵਿੰਦਰ ਮਸੀਹ ਵਜੋਂ ਹੋਈ ਹੈ। ਦਰਅਸਲ, ਸੁਖਵਿੰਦਰ ਫ਼ਾਜ਼ਿਲਕਾ ਦੇ ਬਾਰਡਰ ਰੋਡ 'ਤੇ ਬਰਗਰ, ਸਮੋਸੇ ਤੇ ਟਿੱਕੀ ਆਦਿ ਦੀ ਰਹੇੜੀ ਲਾਉਂਦਾ ਸੀ। ਇਸ ਦੌਰਾਨ ਮੁਲਜ਼ਮ ਰੇਸ਼ਮ ਸਿੰਘ ਉਸ ਕੋਲ ਬਰਗਰ ਖਾਣ ਲਈ ਆਇਆ। ਉਸ ਨੇ ਰੇਹੜੀ ਚਾਲਕ ਕੋਲੋਂ ਬਰਗਰ ਖਾਧਾ। ਜਦ ਰੇਹੜੀ ਚਾਲਕ ਨੇ ਨੌਜਵਾਨ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ ਰੇਹੜੀ ਚਾਲਕ ਦੇ ਨਾਲ ਝਗੜਾ ਸ਼ੁਰੂ ਕਰ ਦਿੱਤਾ।

ਇਸ ਝਗੜੇ ਦੌਰਾਨ ਹੱਥਾਪਾਈ ਹੋਈ ਤੇ ਨੌਜਵਾਨ ਨੇ ਰੇਹੜੀ ਚਾਲਕ ਦੇ ਗੁਪਤ ਅੰਗ 'ਤੇ ਲੱਤ ਮਾਰ ਦਿੱਤੀ ਜਿਸ ਨਾਲ ਨੌਜਵਾਨ ਦੀ ਮੋਤ ਹੋ ਗਈ।

ਇਸ ਕੇਸ ਬਾਰੇ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਸਬ ਡਵੀਜਨ ਦੇ ਡੀਐਸਪੀ ਜਗਦੀਸ਼ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਪੈਸਿਆਂ ਨੂੰ ਲੈ ਕੇ ਝਗੜਾ ਕਾਰਨ ਹੋਇਆ ਸੀ। ਇਸ ਤੋਂ ਬਾਅਦ ਰੇਸ਼ਮ ਸਿੰਘ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਦਾ ਕਾਰਨ ਗੁਪਤ ਅੰਗ 'ਤੇ ਵੱਜੀ ਸੱਟ ਦੱਸੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਉਸਦੀ ਤਲਾਸ਼ ਲਈ ਛਾਪੇਮਾਰੀ ਕਰ ਰਹੀ ਹੈ।