ਲੁਧਿਆਣਾ: ਬੀਤੀ 30 ਦਸੰਬਰ ਨੂੰ ਜਗਰਾਉਂ ਦੇ ਪਿੰਡ ਦੇਹੜਕਾ ਦੇ 22 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਤੰਗ ਮ੍ਰਿਤਕ ਦੀ ਦਾਦੀ ਨੇ ਆਪਣੇ ਪੋਤੇ ਦੀ ਲਾਸ਼ ਨੂੰ ਸੰਦੂਕ ਵਿੱਚ ਬੰਦ ਕਰ ਦਿੱਤਾ ਹੈ। ਦਾਦੀ ਗੁਰਦਿਆਲ ਕੌਰ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜਦੋਂ ਤਕ ਪੁਲਿਸ ਉਸ ਦੇ ਪੋਤੇ ਦੇ ਕਾਤਲਾਂ ਨੂੰ ਕਾਬੂ ਨਹੀਂ ਕਰਦੀ, ਉਹ ਉਸ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨ ਦੇਵੇਗੀ।
ਪਰਿਵਾਰ ਮੁਤਾਬਕ 22 ਸਾਲਾ ਗੁਰਪ੍ਰੀਤ ਸਿੰਘ 30 ਦਸੰਬਰ ਨੂੰ ਪਟਿਆਲਾ ਲਈ ਆਈਲੈਟਸ ਦਾ ਪੇਪਰ ਦੇਣ ਲਈ ਘਰੋਂ ਗਿਆ ਸੀ ਪਰ ਨਾ ਤਾਂ ਉਹ ਪੇਪਰ ਦੇਣ ਪੁੱਜਾ ਤੇ ਨਾ ਹੀ ਘਰ ਵਾਪਸ ਆਇਆ। ਉਨ੍ਹਾਂ ਨੇੜਲੇ ਥਾਣਾ ਹਠੂਰ ਵਿੱਚ ਗੁਮਸ਼ੁਦਾ ਦੀ ਰਿਪੋਰਟ ਦਰਜ ਕਰਵਾ ਦਿੱਤੀ। ਹਠੂਰ ਥਾਣੇ ਤੋਂ ਤਕਰੀਬਨ 10 ਦਿਨ ਬਾਅਦ ਪਰਿਵਾਰ ਨੂੰ ਲੁਧਿਆਣਾ ਦੇ 5 ਨੰਬਰ ਡਿਵੀਜ਼ਨ ਥਾਣੇ ਵਿੱਚ ਜਾਣ ਲਈ ਕਿਹਾ। ਉੱਥੋਂ ਪਰਿਵਾਰ ਨੂੰ ਜਲੰਧਰ ਦੇ ਲਾਂਬੜਾ ਭੇਜਿਆ ਗਿਆ ਜਿੱਥੇ ਪੁਲਿਸ ਨੇ ਗੁਰਪ੍ਰੀਤ ਦੀ ਲਾਸ਼ ਦੇ ਟੁਕੜੇ ਤੇ ਕੱਪੜਿਆਂ ਤੋਂ ਉਸ ਦੀ ਸ਼ਨਾਖ਼ਤ ਕਰਵਾਈ।
ਪੁਲਿਸ ਨੇ ਪਰਿਵਾਰ ਨੂੰ ਜੋ ਜਾਣਕਾਰੀ ਦਿੱਤੀ, ਉਸ ਮੁਤਾਬਕ ਗੁਰਪ੍ਰੀਤ ਨੂੰ ਦੇ ਮੋਬਾਈਲ 'ਤੇ ਆਖ਼ਰੀ ਫ਼ੋਨ ਲੁਧਿਆਣਾ ਬੱਸ ਸਟੈਂਡ ਨੇੜਿਓਂ ਕਿਸੇ ਕੁੜੀ ਨੇ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਲੜਕੀ ਨੂੰ ਹਿਰਾਸਤ ਵਿੱਚ ਵੀ ਲਿਆ ਸੀ ਪਰ ਬਾਅਦ ਵਿੱਚ ਛੱਡ ਦਿੱਤਾ ਗਿਆ। ਪਰਿਵਾਰ ਨੂੰ ਇਹ ਸਵਾਲ ਵਾਰ-ਵਾਰ ਪ੍ਰੇਸ਼ਾਨ ਕਰ ਰਿਹਾ ਹੈ ਕਿ ਆਖ਼ਰ ਗੁਰਪ੍ਰੀਤ ਪਟਿਆਲਾ ਜਾਣ ਦੀ ਥਾਂ ਲੁਧਿਆਣਾ ਕਿਵੇਂ ਪਹੁੰਚ ਗਿਆ ਤੇ ਉਸ ਦੀ ਲਾਸ਼ ਲਾਂਬੜਾ ਤੋਂ ਕਿਵੇਂ ਮਿਲੀ।
ਮ੍ਰਿਤਕ ਗੁਰਪ੍ਰੀਤ ਦੀ ਦਾਦੀ ਨੇ ਆਪਣੇ ਪੋਤੇ ਦੀ ਲਾਸ਼ ਦੇ ਟੁਕੜੇ ਤੇ ਕੱਪੜੇ ਆਪਣੇ ਸੰਦੂਕ ਵਿੱਚ ਸਾਂਭ ਲਏ ਹਨ। ਦਾਦੀ ਗੁਰਦਿਆਲ ਕੌਰ ਨੇ ਪੁਲਿਸ ਨੂੰ ਦੋ ਦਿਨਾਂ ਦੀ ਮੋਹਲਤ ਦਿੱਤੀ ਹੈ ਕਿ ਉਸ ਦੇ ਪੋਤੇ ਦੇ ਕਾਤਲਾਂ ਨੂੰ ਕਾਬੂ ਕਰ ਨਹੀਂ ਤਾਂ ਉਹ ਸੜਕ 'ਤੇ ਆਪਣੇ ਪੋਤੇ ਦੀ ਲਾਸ਼ ਦੇ ਟੋਟੇ ਰੱਖ ਕੇ ਰੋਸ ਪ੍ਰਦਰਸ਼ਨ ਕਰੇਗੀ। ਮ੍ਰਿਤਕ ਦੇ ਪਿਤਾ ਜਸਬੀਰ ਸਿੰਘ ਤੇ ਮਾਂ ਛਿੰਦਰ ਪਾਲ ਕੌਰ ਨੂੰ ਆਪਣੇ ਪੁੱਤ ਦਾ ਕਤਲ ਕਿਸੇ ਸਾਜਿਸ਼ ਤੇ ਪੂਰੀ ਵਿਉਂਤ ਨਾਲ ਕੀਤਾ ਜਾਪਦਾ ਹੈ। ਪਰਿਵਾਰ ਨੇ ਪੁਲਿਸ ਤੋਂ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਵਿੱਚ ਜਗਰਾਓਂ ਪੁਲਿਸ ਕੁਝ ਬੋਲ ਨਹੀਂ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਲੁਧਿਆਣਾ ਦੇ 5 ਨੰਬਰ ਡਵੀਜ਼ਨ ਥਾਣੇ ਵਿੱਚ ਦਰਜ ਹੈ ਉਹ ਹੀ ਕੁਝ ਦੱਸ ਸਕਦੇ ਹਨ। ਫਿਲਹਾਲ ਕੇਸ ਵਿੱਚ ਪੁਲਿਸ ਨੂੰ ਵੀ ਕੋਈ ਖਾਸ ਕਾਮਯਾਬੀ ਹਾਸਲ ਨਹੀਂ ਹੋਈ ਜਾਪਦੀ ਤੇ ਪਰਿਵਾਰ ਪਹਿਲਾਂ ਤੋਂ ਹੀ ਅਣਸੁਲਝੇ ਸਵਾਲਾਂ ਤੋਂ ਪ੍ਰੇਸ਼ਾਨ ਹੈ।