ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸ਼ਖਸ ਪੁਲਿਸ ਕੋਲੋਂ ਐਸਐਲਆਰ ਰਫ਼ਲ ਖੋਹ ਕੇ ਫਰਾਰ ਹੋ ਗਿਆ।ਹੈਰਾਨ ਕਰਨ ਵਾਲੀ ਘਟਨਾ ਤਾਂ ਉਦੋਂ ਸਾਹਮਣੇ ਆਈ ਜਦੋਂ ਸ਼ਖਸ ਇਹ ਰਫ਼ਲ ਲੈ ਕੇ ਫੇਸਬੁੱਕ 'ਤੇ ਲਾਈਵ ਹੋ ਗਿਆ।ਦਰਅਸਲ, ਇਹ ਸ਼ਖਸ ਪੁਲਿਸ ਨੂੰ ਕਿਸੇ ਝਗੜੇ ਦੇ ਮਾਮਲੇ 'ਚ ਸ਼ਿਕਾਇਤ ਦਰਜ ਕਰਨ ਲਈ ਬਾਰ-ਬਾਰ ਕਹਿੰਦਾ ਰਿਹਾ। ਸ਼ਿਕਾਇਤ ਦਰਜ ਨਾ ਹੋਣ 'ਤੇ ਦੁਖੀ ਸ਼ਖਸ ਨੇ ਸੰਤਰੀ ਕੋਲੋਂ ਰਫ਼ਲ ਖੋਹ ਲਈ ਤੇ ਫੇਰ ਫੇਸਬੁੱਕ 'ਤੇ ਲਾਈਵ ਹੋ ਗਿਆ।



ਇਸ ਸ਼ਖਸ ਦੀ ਪਛਾਣ ਜਸਵਿੰਦਰ ਸਿੰਘ ਵਜੋਂ ਹੋਈ ਹੈ।ਉਹ ਖੁਦ ਲਾਈਵ ਵੀਡੀਓ ਵਿੱਚ ਆਪਣਾ ਚੇਹਰਾ ਦਿਖਾਉਂਦਾ ਹੈ ਅਤੇ ਕਹਿ ਰਿਹਾ ਹੈ ਕਿ ਉਹ ਜਸਵਿੰਦਰ ਸਿੰਘ ਹੈ।ਲਾਈਵ ਵੀਡੀਓ ਵਿੱਚ ਹੀ ਉਹ ਮੈਗਜ਼ੀਨ ਲੋਡ ਕਰਦਾ ਹੈ ਅਤੇ ਕਬੂਲ ਕਰਦਾ ਹੈ ਕਿ ਉਸ ਨੇ ਪੁਲਿਸ ਕੋਲੋਂ ਇਹ ਰਫ਼ਲ ਖੋਹੀ ਹੈ।



ਜਸਵਿੰਦਰ ਨੇ ਲਾਈਵ ਹੋ ਕਿ ਕਿਹਾ ਕਿ ਉਹ ਰਫ਼ਲ ਵਾਪਸ ਕਰਨ ਲਈ ਵੀ ਤਿਆਰ ਹੈ ਪਰ ਪਹਿਲਾਂ ਪੁਲਿਸ ਉਨ੍ਹਾਂ 'ਤੇ ਵੀ ਪਰਚਾ ਦਰਜ ਕਰੇ (ਜਿਨ੍ਹਾਂ ਨਾਲ ਉਸਦਾ ਝਗੜਾ ਹੈ)।ਉਸਨੇ ਕਿਹਾ ਕਿ ਜੇਕਰ ਇਕੱਲੇ ਉਸ ਉਪਰ ਹੀ ਕਾਰਵਾਈ ਹੁੰਦੀ ਹੈ ਅਤੇ ਪੁਲਿਸ ਉਸਨੂੰ ਘੇਰਾ ਪਾਉਂਦੀ ਹੈ ਤਾਂ ਉਹ ਪੁਲਿਸ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ।


ਉਸਨੇ ਲਾਈਵ ਵੀਡੀਓ ਵਿੱਚ ਇਹ ਵੀ ਕਿਹਾ ਕਿ ਜੇਕਰ ਪੁਲਿਸ ਨੇ ਘੇਰਾ ਪਾ ਕਿ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਜ਼ਿੰਮੇਵਾਰ ਐਸਐਚਓ ਸਰਬਜੀਤ ਸਿੰਘ, ਦਵਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਹੋਏਗੀ।


ਜਸਵਿੰਦਰ ਨੇ ਕਿਹਾ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਦੀ ਹੈ ਜਿਨ੍ਹਾਂ ਨੇ ਉਸਦੇ ਘਰ ਆ ਹਮਲਾ ਕੀਤਾ ਤਾਂ ਉਹ ਮੀਡੀਆ ਸਾਹਮਣੇ ਪੁਲਿਸ ਨੂੰ ਆਤਮ ਸਮਰਪਣ ਕਰ ਦੇਵੇਗਾ। ਉਸ ਨੇ ਕਿਹਾ ਕਿ ਪੁਲਿਸ ਉਸ ਤੋਂ ਬਾਅਦ ਉਸ ਉਪਰ ਕਾਨੂੰਨ ਮੁਤਾਬਿਕ ਅਸਲਾ ਖੋਹ ਦੀ ਕਾਰਵਾਈ ਕਰ ਸਕਦੀ ਹੈ।ਉਸ ਨੇ ਕਿਹਾ ਕਿ ਉਹ ਇਸ ਵਿੱਚ ਸਜ਼ਾ ਭੁਗਤਣ ਲਈ ਵੀ ਤਿਆਰ ਹੈ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: