ਬੇਗੂਸਰਾਏ: ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਤੇਘੜਾ ਸ਼ਾਹਰਾਹ 'ਤੇ ਈਅਰਫ਼ੋਨ ਲਾ ਕੇ ਮੋਟਰਸਾਈਕਲ ਚਲਾ ਰਹੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਨੌਜਵਾਨ ਨੂੰ ਟਰੱਕ ਨੇ ਟੱਕਰ ਮਾਰੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਤੇ ਸੜਕ 'ਤੇ ਹੀ ਉਸ ਦੀ ਜਾਨ ਚਲੀ ਗਈ। ਪਰ ਮੌਤ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਵੀਡੀਓ ਕਾਲ ਕੀਤੀ।

ਮ੍ਰਿਤਕ ਦੀ ਪਛਾਣ ਰਾਜਾਰਾਮ ਪੰਡਤ ਵਜੋਂ ਹੋਈ ਹੈ, ਜੋ ਝਾਰਖੰਡ ਵਿੱਚ ਬਿਜਲੀ ਦੇ ਸਮਾਨ ਦੀ ਦੁਕਾਨ ਚਲਾਉਂਦਾ ਸੀ। ਦੁਰਘਟਨਾ ਮਗਰੋਂ ਰਾਜਾਰਾਮ ਨੇ ਆਪਣੀ ਪਤਨੀ ਨੂੰ ਵੀਡੀਓ ਕਾਲ ਕੀਤੀ ਤੇ ਦੱਸਿਆ ਕਿ ਦੇਖੋ ਮੇਰੀ ਕੀ ਹਾਲਤ ਹੋ ਗਈ ਹੈ। ਕੁਝ ਹੀ ਸਮੇਂ ਬਾਅਦ ਉਸ ਨੇ ਦਮ ਤੋੜ ਦਿੱਤਾ।

ਭਾਸਕਰ ਦੀ ਖ਼ਬਰ ਮੁਤਾਬਕ ਮ੍ਰਿਤਕ ਨੌਜਵਾਨ ਆਪਣੇ ਸਾਲੇ ਸ਼ਰਾਧ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਉਸ ਨੇ ਈਅਰਫ਼ੋਨ ਲਾ ਕੇ ਮੋਟਰਸਾਈਕਲ ਚਲਾ ਰਿਹਾ ਸੀ, ਜਿਸ ਕਾਰਨ ਉਸ ਨੂੰ ਟਰੱਕ ਦਾ ਹਾਰਨ ਤੇ ਆਵਾਜ਼ ਸੁਣਾਈ ਨਹੀਂ ਦਿੱਤੀ। ਰਾਜਾਰਾਮ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਸੱਤ ਮਹੀਨਿਆਂ ਦੀ ਧੀ ਵੀ ਹੈ।