ਗਗਨਦੀਪ ਸ਼ਰਮਾ, ਅੰਮ੍ਰਿਤਸਰ : ਦੁਸ਼ਹਿਰੇ ਦਾ ਤਿਉਹਾਰ ਰਾਵਣ, ਮੇਘਨਾਥ ਤੇ ਕੁੰਭਕਰਣ ਦੇ ਪੁਤਲਿਆਂ ਨੂੰ ਅੱਗ ਲਾਏ ਬਗੈਰ ਨੇਪਰੇ ਨਹੀਂ ਚੜਦਾ, ਇਸ ਕਰਕੇ ਭਾਰਤ ਦੇ ਹਰ ਵੱਡੇ- ਛੋਟੇ ਸ਼ਹਿਰ 'ਚ ਰਾਵਣ, ਮੇਘ ਨਾਥ ਤੇ ਕੁੰਭਕਰਣ ਦੇ ਪੁਤਲੇ ਹਰ ਸਾਲ ਬਣਾਏ ਜਾਂਦੇ ਹਨ ਤੇ ਇਨ੍ਹਾਂ ਨੂੰ ਦਸ਼ਹਿਰੇ ਵਾਲੇ ਦਿਨ ਅੱਗ ਲਗਾਈ ਜਾਂਦੀ ਹੈ। ਅੰਮ੍ਰਿਤਸਰ ਸ਼ਹਿਰ 'ਚ ਰਾਵਣ, ਮੇਘ ਨਾਥ ਤੇ ਕੁੰਭਕਰਣ ਤੇ ਪੁਤਲੇ ਬਣਾਉਣ ਦਾ ਕੰਮ ਲੋਹਗੜ ਗੇਟ ਵਿਖੇ ਪੀੜੀ ਦਰ ਪੀੜੀ ਚੱਲਦਾ ਆ ਰਿਹਾ ਹੈ। ਪੰਜ ਪੀੜੀਆਂ ਤੋਂ ਪਰਿਵਾਰ ਏਥੇ ਰਾਵਣ, ਮੇਘ ਨਾਥਤੇ ਕੁੰਭਕਰਣ ਪੁਤਲੇ ਬਣਾਉਂਦੇ ਆ ਰਹੇ ਹਨ। ਪਿਛਲੇ ਦੋ ਸਾਲਾਂ ਦੀ ਗੱਲ ਕਰੀਏ ਤਾਂ ਕੋਵਿਡ ਨੇ ਇਨ੍ਹਾਂ ਕਾਰੀਗਰ ਪਰਿਵਾਰਾਂ ਨੂੰ ਵੱਡੀ ਵਿੱਤੀ ਸੱਟ ਮਾਰੀ ਤੇ ਰਹਿੰਦੀ ਕਸਰ ਹੁਣ ਮਹਿੰਗਾਈ ਨੇ ਕੱਢ ਦਿੱਤੀ।
ਕਾਰੀਗਰ ਪਰਿਵਾਰ ਦੀ ਪੰਜਵੀ ਪੀੜੀ ਦੇ ਕਾਰੀਗਰ ਰਾਮਾ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਤਿੰਨ ਦਹਾਕਿਆਂ ਤੋਂ ਪੁਤਲੇ ਬਣਾ ਰਹੇ ਹਨ ਜਦਕਿ ਇਹ ਪਿਤਾ ਪੁਰਖੀ ਕੰਮ ਹੈ, ਜੋ ਸਿਰਫ ਦਸ਼ਹਿਰੇ ਤੋਂ ਸਵਾ ਮਹੀਨਾ ਪਹਿਲਾਂ ਹੀ ਚੱਲਦਾ ਹੈ ਤੇ ਬਾਕੀ ਸਾਰਾ ਸਾਲ ਉਹ ਆਪੋ ਆਪਣੇ ਰੂਟੀਨ/ਮਜਦੂਰੀ ਕੰਮਾਂ ਨਾਲ ਰੋਜੀ ਰੋਟੀ ਕਮਾਂਉੰਦੇ ਹਨ। ਦਸ਼ਹਿਰੇ ਮੌਕੇ ਤਾਂ ਘਰ ਦੀਆਂ ਮਹਿਲਾਵਾਂ ਵੀ ਸਾਥ ਦਿੰਦੀਆਂ ਹਨ। ਰਾਮਾ ਸਮੇਤ ਬਾਕੀ ਕਾਰੀਗਰਾਂ ਨੇ ਦੱਸਿਆ ਕਿ ਪੁਤਲੇ ਬਣਾਉਣ ਦਾ ਕੰਮ ਉਹ ਬਕਾਇਦਾ ਆਰਡਰ 'ਤੇ ਕਰਦੇ ਹਨ ਤੇ ਸ਼ੁਰੂਆਤ 'ਚ ਬਾਹਰਲੀਆਂ ਥਾਵਾਂ ਬਟਾਲਾ, ਰਈਆ, ਜੰਡਿਆਲਾ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਆਦਿ ਵਿਖੇ ਖੁਦ ਜਾ ਕੇ ਪੁਤਲੇ ਤਿਆਰ ਕਰਦੇ ਹਨ ਤੇ ਅਖੀਰਲੇ ਦਿਨਾਂ 'ਚ ਅੰਮ੍ਰਿਤਸਰ ਸ਼ਹਿਰ ਦੇ ਦਰਜਨ ਦੇ ਕਰੀਬ ਥਾਵਾਂ ਦੇ ਪੁਤਲੇ ਤਿਆਰ ਕਰਦੇ ਹਨ।
ਕਾਰੀਗਰਾਂ ਨੇ ਦੱਸਿਆ ਕਿ ਤਿੰਨੇ ਰਾਵਣ, ਮੇਘ ਨਾਥ ਤੇ ਕੁੰਭਕਰਣ ਪੁਤਲੇ ਬਣਾਉਣਾ ਕਾਰੀਗਰਾਂ ਦੀ ਮੌਜੂਦਗੀ 'ਤੇ ਨਿਰਭਰ ਕਰਦਾ ਹੈ, ਜਿੰਨੇ ਵੱਧ ਕਾਰੀਗਾਰ ਲੱਗਣਗੇ, ਉਨੀ ਛੇਤੀ ਪੁਤਲੇ ਤਿਆਰ ਹੋ ਜਾਂਦੇ ਹਨ। ਕਾਰੀਗਰਾਂ ਨੇ ਇਹ ਵੀ ਦੱਸਿਆ ਕਿ 80 ਫੁੱਟ ਤੋਂ ਲੈ ਕੇ 120 ਫੁੱਟ ਤਕ ਦੇ ਪੁਤਲੇ ਵੀ ਉਹ ਤਿਆਰ ਕਰ ਚੁੱਕੇ ਹਨ। ਕਾਰੀਗਰਾਂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਮਾਈ ਦੇ ਖਾਤਰ ਉਹ ਇਹ ਕੰਮ ਨਹੀਂ ਕਰਦੇ ਕਿਉੰਕਿ ਮਹਿੰਗਾਈ ਨੇ ਇਸ ਕੰਮ ਦਾ ਲੱਕ ਤੋੜ ਦਿੱਤਾ ਹੈ ਤੇ ਹੁਣ ਸਿਰਫ ਪਰਿਵਾਰ ਦਾ ਨਾਮ ਹੋਣ ਕਰਕੇ ਤੇ ਪਿਤਾ ਪੁਰਖੀ ਹੋਣ ਕਰਕੇ ਇਹ ਪੁਤਲੇ ਬਣਾਉਂਦੇ ਹਨ। ਰਾਮਾ ਨੇ ਦੱਸਿਆ ਪਿਛਲੇ ਚਾਰ ਪੰਜ ਸਾਲਾਂ 'ਚ ਬਾਂਸ, ਰੱਸੇ, ਕਾਗਜ ਤੇ ਗੱਤੇ ਦੇ ਰੇਟ ਦੋ ਤੋਂ ਤਿੰਨ ਗੁਣਾ ਵੱਧ ਗਏ ਹਨ ਜਦਕਿ ਸਾਡੀ ਮਿਹਨਤ ਮਜਦੂਰੀ ਓਨੀ ਹੀ ਹੈ।
ਕਾਰੀਗਰਾਂ ਨੇ ਦੱਸਿਆ ਕਿ ਦੋ ਸਾਲ ਤਾਂ ਕੋਵਿਡ ਨੇ ਕੰਮ ਉਠਣ ਨਹੀਂ ਦਿੱਤਾ। 2020 'ਚ ਤਾਂ ਇਕ ਰੁਪਏ ਦਾ ਕੰਮ ਨਹੀਂ ਕੀਤਾ ਤੇ 2021 'ਚ ਸਿਰਫ 40 ਫੀਸਦੀ ਕੰਮ ਨਿਕਲਿਆ ਤੇ ਇਸ ਸਾਲ ਕੰਮ ਤਾਂ ਜਰੂਰ ਪਹਿਲਾਂ ਵਾਂਗ ਨਿਕਲਿਆ ਹੈ ਪਰ ਮਹਿੰਗਾਈ ਦੀ ਮਾਰ ਪੈ ਰਹੀ ਹੈ। ਜੋੜਾ ਫਾਟਕ ਹਾਦਸੇ ਤੋਂ ਬਾਅਦ ਸਰਕਾਰ ਨੇ ਰਾਵਣ ਦੇ ਪੁਤਲੇ ਸਾੜਨ 'ਤੇ ਕਾਫੀ ਸਖਤੀ ਕਰ ਦਿੱਤੀ ,ਜਿਸ ਕਰਕੇ ਸ਼ਹਿਰ 'ਚ ਹੁਣ ਗਿਣੇ ਚੁਣੇ ਥਾਵਾਂ 'ਚ ਹੀ ਰਾਵਣ, ਮੇਘ ਨਾਥ ਤੇ ਕੁੰਭਕਰਣ ਪੁਤਲੇ ਸਾੜੇ ਜਾਂਦੇ ਹਨ ਜਦਕਿ ਪਹਿਲਾਂ ਤਿੰਨ ਗੁਣਾ ਵੱਧ ਥਾਵਾਂ 'ਤੇ ਪੁਤਲੇ ਸਾੜੇ ਜਾਂਦੇ ਸਨ ਤੇ ਇਸ ਨਾਲ ਹੀ ਕਾਰੋਬਾਰ ਨੂੰ ਸੱਟ ਵੱਜੀ ਹੈ।