ਗਗਨਦੀਪ ਸ਼ਰਮਾ, ਅੰਮ੍ਰਿਤਸਰ : ਮਾਨਸਾ ਅਦਾਲਤ ਨੇ ਅੰਮ੍ਰਿਤਸਰ ਪੁਲਿਸ ਨੂੰ ਦੀਪਕ ਮੁੰਡੀ ਸਮੇਤ ਤਿੰਨਾਂ ਮੁਲਜਮਾਂ ਦਾ ਟਰਾਂਜਿਟ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਅੰਮ੍ਰਿਤਸਰ ਪੁਲਿਸ ਅੰਮ੍ਰਿਤਸਰ ਦੀ ਹੀ ਅਦਾਲਤ 'ਚ ਤਿੰਨਾਂ ਦੇ ਨਾਮ 'ਤੇ ਪ੍ਰੋਡਕਸ਼ਨ ਵਾਰੰਟ ਲਈ ਅਪਲਾਈ ਕਰੇਗੀ ਤੇ ਫਿਰ ਤਿੰਨਾਂ ਨੂੰ ਬਠਿੰਡਾ ਦੀ ਜੇਲ 'ਚੋਂ ਅੰਮ੍ਰਿਤਸਰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। 




ਜ਼ਿਕਰਯੋਗ ਹੈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਨਾਮਜਦ ਮੁੱਖ ਸ਼ੂਟਰ ਦੀਪਕ ਮੁੰਡੀ ਸਮੇਤ ਰਜਿੰਦਰ ਜੋਕਰ ਤੇ ਪੰਡਿਤ ਨੂੰ ਅੰਮ੍ਰਿਤਸਰ ਦੇ ਮਜੀਠਾ ਰੋਡ ਥਾਣੇ 'ਚ ਦਰਜ ਰਾਣਾ ਕੰਦੋਵਾਲੀਆ ਦੇ ਕਤਲ ਕੇਸ 'ਚ ਨਾਮਜ਼ਦ ਕੀਤਾ ਸੀ। ਰਾਣਾ ਕੰਦੋਵਾਲੀਆ ਕਤਲ 'ਚ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆਂ ਨੂੰ ਵੀ ਅੰਮ੍ਰਿਤਸਰ ਪੁਲਿਸ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰ ਚੁੱਕੀ ਹੈ।

ਅੰਮ੍ਰਿਤਸਰ ਪੁਲਿਸ ਦੇ ਇਕ ਉਚ ਅਧਿਕਾਰੀ ਨੇ ਦੱਸਿਆ ਕਿ ਤਕਨੀਕੀ ਤੌਰ 'ਤੇ ਉਲਝਣ ਕਾਰਨ ਤਿੰਨਾਂ ਦਾ ਅਦਾਲਤ ਨੇ ਟਰਾਂਜਿਟ ਰਿਮਾਂਡ ਨਹੀਂ ਦਿੱਤਾ ਪਰ ਹੁਣ ਅੱਜ ਅਦਾਲਤ 'ਚ ਅੰਮ੍ਰਿਤਸਰ ਪੁਲਿਸ ਤਿੰਨਾਂ ਦੇ ਪ੍ਰੋਡਕਸ਼ਨ ਵਾਰੰਟ ਲਈ ਅਪਲਾਈ ਕਰੇਗੀ ਤੇ ਵਾਰੰਟ ਮਿਲਣ 'ਤੇ ਤਿੰਨਾਂ ਨੂੰ ਅੰਮ੍ਰਿਤਸਰ ਲਿਆ ਕੇ ਪੁੱਛਗਿੱਛ ਕਰਕੇ ਤਫਤੀਸ਼ ਅੱਗੇ ਵਧਾਈ ਜਾਵੇਗੀ। 

 

ਪੁਲਿਸ ਸੂਤਰਾਂ ਮੁਤਾਬਕ ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਆਏ ਸ਼ੂਟਰਾਂ 'ਚੋਂ ਇਕ ਸ਼ੂਟਰ ਦੀਪਕ ਮੁੰਢੀ ਦੇ ਹੋਣ ਦੀ ਸੰਭਾਵਨਾ ਹੈ, ਜੋ ਪੁੱਛਗਿਛ 'ਚ ਹੀ ਸਪੱਸ਼ਟ ਹੋਵੇਗਾ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਸ਼ੂਟਰ ਦੀਪਕ  ਮੁੰਡੀ ਸਮੇਤ ਰਜਿੰਦਰ ਜੋਕਰ ਤੇ ਪੰਡਿਤ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਨਾਮਜਦ ਕੀਤਾ ਸੀ ਤੇ ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲਿਸ ਟੀਮ ਬੀਤੇ ਕੱਲ ਤਿੰਨਾਂ ਉਕਤ ਮੁਲਜਮਾਂ ਦਾ ਟਰਾਂਜਿਟ ਰਿਮਾਂਡ ਲੈਣ ਲਈ ਮਾਨਸਾ ਗਈ ਸੀ, ਜਿੱਥੇ ਤਿੰਨਾਂ ਦਾ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਪੁਲਿਸ ਰਿਮਾਂਡ ਖ਼ਤਮ ਹੋ ਗਿਆ ਹੈ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।