ਸੰਗਰੁਰ : ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਰੁਜ਼ਗਾਰ ਗਰੰਟੀ, ਦਿਹਾੜੀ ਰੇਟਾਂ 'ਚ ਵਾਧੇ, ਜ਼ਮੀਨੀ ਵੰਡ, ਕਰਜ਼ਾ ਮੁਆਫ਼ੀ ਤੇ ਦਲਿਤਾਂ ਤੇ ਜ਼ਬਰ ਬੰਦ ਕਰਨ ਆਦਿ ਮੰਗਾਂ ਨੂੰ ਲੈ ਕੇ 12 ਸਤੰਬਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਅੱਗੇ ਲਾਏ ਜਾ ਰਹੇ ਤਿੰਨ ਰੋਜ਼ਾ ਮੋਰਚੇ ਨੂੰ ਰੋਕਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਦਫਾ 144 ਲੱਗੀ ਹੋਣ ਕਰਕੇ ਧਰਨੇ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਵੱਖ-ਵੱਖ ਯੂਨੀਅਨ ਆਗੂਆਂ ਨੂੰ ਪਾਬੰਦੀਆਂ ਦੇ ਨੋਟਿਸ ਭੇਜ ਦਿੱਤੇ ਹਨ।


 
ਪ੍ਰਸ਼ਾਸਨ ਦੀ ਕਾਰਵਾਈ ਤੋਂ ਮਜ਼ਦੂਰ ਜਥੇਬੰਦੀਆਂ ਅੰਦਰ ਰੋਹ ਭਖ ਗਿਆ ਹੈ ਅਤੇ ਉਹਨਾਂ ਗ਼ਦਰ ਭਵਨ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਸਾਂਝੇ ਮੋਰਚੇ ਦੀ ਸੂਬਾ ਪੱਧਰੀ ਮੀਟਿੰਗ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਇਸ ਕਦਮ ਨੂੰ ਗੈਰ ਜਮਹੂਰੀ ਤੇ ਦਹਿਸ਼ਤ ਪਾਊ ਕਰਾਰ ਦਿੰਦਿਆਂ 12 ਸਤੰਬਰ ਨੂੰ ਮੁੱਖ ਮੰਤਰੀ ਦੇ ਘਰ ਅੱਗੇ ਮੋਰਚਾ ਲਾਉਣ ਦਾ ਐਲਾਨ ਕੀਤਾ।  


ਵਰਨਣਯੋਗ ਹੈ ਕਿ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਮਗਨਰੇਗਾ ਤਹਿਤ ਟੱਬਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਸਾਰਾ ਸਾਲ ਕੰਮ ਦੇਣ, ਮਗਨਰੇਗਾ ਸਮੇਤ ਦਿਹਾੜੀ 700 ਰੁਪਏ ਕਰਨ, ਪੰਚਾਇਤੀ ਜ਼ਮੀਨ ਦਾ ਤੀਜੇ ਹਿੱਸੇ ਦਾ ਹੱਕ ਦਲਿਤਾਂ ਨੂੰ ਅਮਲ ਵਿੱਚ ਦੇਣ,ਅਲਾਟ ਪਲਾਟਾਂ ਦੇ ਮਜ਼ਦੂਰਾਂ ਨੂੰ ਕਬਜ਼ੇ ਦੇਣ, ਲੋੜਵੰਦ ਪਰਿਵਾਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਨ, ਲਾਲ ਲਕੀਰ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ, ਮਕਾਨ ਉਸਾਰੀ ਲਈ ਗ੍ਰਾਂਟ ਦਿੱਤੀ ਜਾਵੇ, ਮਜ਼ਦੂਰਾਂ ਸਿਰ ਸਹਿਕਾਰੀ, ਸਰਕਾਰੀ ਤੇ ਗੈਰ-ਸਰਕਾਰੀ ਕਰਜ਼ੇ ਮੁਆਫ਼ ਕੀਤੇ ਜਾਣ, ਸਹਿਕਾਰੀ ਸਭਾਵਾਂ ਵਿੱਚ ਬੇਜ਼ਮੀਨੇ ਮਜ਼ਦੂਰਾਂ ਨੂੰ ਬਿਨ੍ਹਾਂ ਸ਼ਰਤ ਮੈਂਬਰਸ਼ਿਪ ਦਿੱਤੀ ਜਾਵੇ, ਤਿੱਖੇ ਭੂਮੀ ਸੁਧਾਰ ਕਰਕੇ ਵਾਧੂ ਜ਼ਮੀਨਾਂ ਬੇਜ਼ਮੀਨੇ ਲੋਕਾਂ ਵਿੱਚ ਵਡਾਉਣ, ਬੁਢਾਪਾ,ਵਿਧਵਾ, ਅੰਗਹੀਣ ਪੈਨਸ਼ਨਾਂ ਦੀ ਰਾਸ਼ੀ 5 ਹਜ਼ਾਰ ਰੁਪਏ ਕੀਤੀ ਜਾਵੇ ਅਤੇ ਉੱਮਰ ਹੱਦ ਘਟਾ ਕੇ 55-58 ਸਾਲ ਕੀਤੀ ਜਾਵੇ ਆਦਿ ਮੰਗਾਂ ਦੇ ਹੱਲ ਲਈ ਮੁੱਖ ਮੰਤਰੀ ਦੇ ਘਰ ਅੱਗੇ ਮੋਰਚਾ ਲਾਉਣ ਦਾ ਐਲਾਨ ਕੀਤਾ ਹੋਇਆ ਹੈ। 

 

ਮੀਟਿੰਗ 'ਚ ਹਾਜ਼ਰ ਮਜ਼ਦੂਰ ਆਗੂਆਂ ਨੇ ਕਿਹਾ ਕਿ ਮੌਜੂਦਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਮਜ਼ਦੂਰ ਮੰਗਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਇਸ ਹਾਲਤ ਵਿੱਚ ਮਜ਼ਦੂਰਾਂ ਪਾਸ ਸੰਘਰਸ਼ ਕਰਨ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ।


ਮੀਟਿੰਗ ਵਿੱਚ ਸਾਂਝੇ ਮੋਰਚੇ ਦੇ ਸੂਬਾਈ ਆਗੂ ਅਤੇ ਦਿਹਾਤੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਰਸ਼ਨ ਨਾਹਰ ਤੇ ਗੁਰਨਾਮ ਦਾਊਦ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਕ੍ਰਿਸ਼ਨ ਚੌਹਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਤੇ ਪਰਮਜੀਤ ਕੌਰ ਲੌਂਗੋਵਾਲ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਲਖਵੀਰ ਲੌਂਗੋਵਾਲ ਤੇ ਪ੍ਰਗਟ ਸਿੰਘ ਕਾਲਾਝਾੜ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਨਰਲ ਸਕੱਤਰ ਹਰਵਿੰਦਰ ਸੇਮਾਂ ਤੇ ਗੋਬਿੰਦ ਛਾਂਜਲੀ ਆਦਿ ਨੇ ਸ਼ਮੂਲੀਅਤ ਕੀਤੀ।