ਚੰਡੀਗੜ੍ਹ: ਅਬੋਹਰ ਦੇ ਹੋਮਿਓਪੈਥਿਕ ਮੈਡੀਕਲ ਕਾਲਜ ਦੇ ਵਿਦਿਆਰਥੀ ਪਿਛਲੇ ਦੋ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਹਨ। ਇਹ ਹੜਤਾਲ ਬੈਂਕਾਂ ਵੱਲੋਂ ਮੈਡੀਕਲ ਕਾਲਜ ਨੂੰ ਸੀਲ ਕਰਨ ਦੇ ਵਿਰੋਧ ਵਿੱਚ ਰੱਖੀ ਗਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਮੈਨੇਜਮੈਂਟ ਵੱਲੋਂ ਬੈਂਕਾਂ ਦਾ ਕਰਜ਼ਾ ਨਾ ਮੋੜਨ ਲਈ ਕਾਰਵਾਈ ਵੀ ਮੈਨੇਜਮੈਂਟ ’ਤੇ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਾਲਜ ਨੂੰ ਖੋਲ੍ਹਣ ਦੀ ਮੰਗ ਰੱਖੀ ਤੇ ਕਾਲਜ ਬੰਦ ਕਰ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਰੋਕਣ ਲਈ ਕਿਹਾ ਹੈ। ਕਾਲਜ ਸੀਲ ਹੋਣ ਕਰਕੇ ਬਾਹਰੋਂ ਆਏ ਹੋਸਟਲਾਂ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਕਾਲਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।
ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਵਿੱਚ ਭਾਈ ਕਨ੍ਹੱਈਆ ਲਾਲ ਸੁਸਾਇਟੀ ਵੱਲੋਂ ਸ਼ੁਰੂ ਕੀਤੇ ਹੋਮਿਓਪੈਥਿਕ ਮੈਡੀਕਲ ਕਾਲਜ ਵੱਲੋਂ ਬੈਂਕਾਂ ਨੂੰ ਕਰੋੜਾਂ ਰੁਪਏ ਦਾ ਕਰਜ਼ਾ ਅਦਾ ਨਾ ਕੀਤੇ ਜਾਣ ਬਾਅਦ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਕਾਲਜ ਨੂੰ ਸੀਲ ਕਰ ਦਿੱਤਾ ਗਿਆ ਜਿਸ ਦੇ ਬਾਅਦ ਕਾਲਜ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਬੈਂਕ ਤੇ ਕਾਲਜ ਮੈਨੇਜਮੈਂਟ ਦੀ ਕਾਰਵਾਈ ਖਿਲਾਫ ਜੰਗ ਛੇੜ ਦਿੱਤੀ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਦੱਸਿਆ ਕਿ ਕਾਲਜ ਖੁਲ੍ਹਵਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਫੈਸਲਾ ਕੀਤਾ ਹੈ ਕਿ ਉਹ ਕਾਲਜ ਖੁਲ੍ਹਵਾ ਕੇ ਹੀ ਦਮ ਲੈਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਇਲਾਵਾ ਇਸ ਕਾਲਜ ਵਿੱਚ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ, ਤਮਿਲਨਾਡੂ ਤੇ ਮਣੀਪੁਰ ਸੂਬਿਆਂ ਦੇ ਲਗਪਗ 170 ਵਿਦਿਆਰਥੀ ਪੜ੍ਹ ਰਹੇ ਸਨ।
ਇਸ ਮਾਮਲੇ ਸਬੰਧਈ ਅਬੋਹਰ ਦੀ ਐਸਡੀਐਮ ਪੂਨਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਬੱਚਿਆਂ ਦੇ ਭਵਿੱਖ ਲਈ ਕਾਫੀ ਚਿੰਤਤ ਹੈ ਤੇ ਪ੍ਰਸ਼ਾਸਨ ਵੱਲੋਂ ਹੋਸਟਲਾਂ ਤੋਂ ਬਾਹਰ ਕੱਢੇ ਵਿਦਿਆਰਥੀਆਂ ਲਈ ਆਪਣੇ ਤੌਰ ’ਤੇ ਰਹਿਣ ਤੇ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਜਲਦ ਹੀ ਕਾਲਜ ਮੈਨੇਜਮੈਂਟ ਨਾਲ ਗੱਲ ਕਰ ਕੇ ਇਸ ਮਸਲੇ ਦਾ ਹੱਲ ਕੱਢਣਗੇ।