ਚੰਡੀਗੜ੍ਹ: ਉੱਤਰੀ ਭਾਰਤ ਕੌਂਸਲ ਦੀ ਅੱਜ 29ਵੀਂ ਬੈਠਕ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਰਾਜਸਥਾਨ ਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਸਮੇਤ ਜੰਮੂ-ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਵੀ ਮੌਜੂਦ ਸਨ।


ਇਸ ਬੈਠਕ ਦੌਰਾਨ ਸੂਬਿਆਂ ਵਿਚਾਲੇ ਗਰਮਾਏ ਜਾਣ ਵਾਲੇ ਮੁੱਦਿਆਂ 'ਤੇ ਚਰਚਾ ਹੋਈ। ਇਸ ਚਰਚਾ ਵਿੱਚ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀਆਂ ਦੇ ਮੁੱਦੇ 'ਤੇ ਵੀ ਗੱਲ ਉੱਠੀ ਪਰ ਅਮਿਤ ਸ਼ਾਹ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਵੱਖਰੀ ਬੈਠਕ ਵਿੱਚ ਸੁਲਝਾਉਣਗੇ। ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਅਗਲੀ ਉੱਤਰੀ ਭਾਰਤ ਕੌਂਸਲ ਦੀ ਬੈਠਕ ਰਾਜਸਥਾਨ ਵਿੱਚ ਹੋਵੇਗੀ ਜੋ ਦੋ ਮਹੀਨੇ ਬਾਅਦ ਰੱਖੀ ਜਾਏਗੀ।

ਪਾਣੀਆਂ ਦੇ ਮੁੱਦੇ ਤੋਂ ਇਲਾਵਾ ਹੋਰ ਵੀ ਕਈ ਮੁੱਦਿਆਂ 'ਤੇ ਚਰਚਾ ਹੋਈ ਜੋ ਵੱਖ-ਵੱਖ ਰਾਜਾਂ ਨਾਲ ਸਬੰਧਤ ਸੀ ਪਰ ਕਿਸੇ ਵੀ ਮੁੱਦੇ 'ਤੇ ਅਮਿਤ ਸ਼ਾਹ ਵੱਲੋਂ ਕੋਈ ਵੀ ਫੈਸਲਾ ਨਹੀਂ ਸੁਣਾਇਆ ਗਿਆ। ਬੈਠਕ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਅੱਟਲ ਸਮਾਰਟ ਯੋਜਨਾ ਦੇ ਲਾਂਚ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਬੀਟ ਬੌਕਸ ਕਾਨੂੰਨੀ ਵਿਵਸਥਾ ਨੂੰ ਬਣਾਉਣ ਲਈ ਸਭ ਤੋਂ ਅਹਿਮ ਕੜੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਵੱਲੋਂ ਲਾਂਚ ਕੀਤੀ ਗਈ ਸਮਾਰਟ ਸੇਵਾਵਾਂ ਕਾਬਲੇ ਤਾਰੀਫ਼ ਹਨ ਤੇ ਚੰਡੀਗੜ੍ਹ ਪੁਲਿਸ ਨੂੰ ਮੌਕੇ ਦੀ ਵਧਾਈ ਦਿੱਤੀ।