ਸੰਗਰੂਰ: ਇੱਥੋਂ ਦੇ ਮਸ਼ਹੂਰ ਘਾਬਦਾਂ ਵਿੱਚ ਬਣੇ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਵਿਰੁੱਧ ਜ਼ਿਲ੍ਹਾ ਪੁਲਿਸ ਨੇ ਜਿਣਸੀ ਸੋਸ਼ਣ ਦਾ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਬਾਅਦ ਦਰਜ ਕੀਤਾ ਹੈ। ਪ੍ਰਿੰਸੀਪਲ 'ਤੇ ਸਕੂਲ ਦੀਆਂ ਦੋ ਵਿਦਿਆਰਥਣਾਂ ਨਾਲ ਛੇੜਖਾਨੀ ਦਾ ਇਲਜ਼ਾਮ ਲੱਗਾ ਹੈ। ਪੀੜਤ ਵਿਦਿਆਰਥਣਾਂ ਨੇ ਇਸ ਮਾਮਲੇ ਸਬੰਧੀ ਇੱਕ ਸੀ.ਡੀ. ਵੀ ਜਾਂਚ ਕਮੇਟੀ ਨੂੰ ਸੌਂਪੀ ਸੀ।

ਕੌਣ ਹੈ ਮੈਰੀਟੋਰੀਅਸ ਸਕੂਲ ਸੰਗਰੂਰ ਦਾ ਪ੍ਰਿੰਸੀਪਲ-

ਬੀਤੇ ਦਿਨੀਂ ਇਸ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਸੇਵਾਮੁਕਤ ਵਿੰਗ ਕਮਾਂਡਰ ਡਾ. ਚੌਧਰੀ ਦੀਪਕ ਡੋਗਰਾ 'ਤੇ ਦੋ ਵਿਦਿਆਰਥਣਾਂ ਨੇ ਸਕੂਲ ਤੇ ਆਪਣੇ ਘਰ ਬੁਲਾ ਕੇ ਛੇੜਖਾਨੀ ਦਾ ਇਲਜ਼ਾਮ ਲਾਇਆ। ਹਾਲਾਂਕਿ, ਪ੍ਰਿੰਸੀਪਲ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਇਨਕਾਰ ਦਿੱਤਾ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਸੀ।

ਜਾਂਚ ਕਮੇਟੀ ਦਾ ਰੋਲ-

ਜਾਂਚ ਕਮੇਟੀ ਨੇ ਸਾਰੇ ਪੱਖਾਂ ਨੂੰ ਸੁਣਿਆ ਤੇ ਪੜਤਾਲ ਤੋਂ ਬਾਅਦ ਪ੍ਰਿੰਸੀਪਲ ਨੂੰ ਦੋਸ਼ੀ ਕਰਾਰ ਦਿੰਦਿਆਂ ਆਪਣੀ ਰਿਪੋਰਟ ਵਿੱਚ ਉਸ ਵਿਰੁੱਧ ਕੇਸ ਦਰਜ ਕਰਕੇ ਸਖ਼ਤ ਕਾਰਵਾਈ ਕਰਨ ਦੀ ਸਿਫਾਰਸ਼ ਵੀ ਕੀਤੀ। ਇਸ ਤੋਂ ਬਾਅਦ ਸੰਗਰੂਰ ਪੁਲਿਸ ਨੇ ਪ੍ਰਿੰਸੀਪਲ ਡੋਗਰਾ ਵਿਰੁੱਧ ਜਿਣਸੀ ਸੋਸ਼ਣ ਤੇ ਬਾਲ ਸੁਰੱਖਿਆ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਕਰ ਰਹੀ ਛਾਪੇਮਾਰੀ-

ਸਦਰ ਥਾਣਾ ਸੰਗਰੂਰ ਦੇ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਪ੍ਰਿੰਸੀਪਲ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਵਿਦਿਆਰਥਣਾਂ ਨੇ ਜਾਂਚ ਕਮੇਟੀ ਨੂੰ ਮਾਮਲੇ ਨਾਲ ਸਬੰਧਤ ਇੱਕ ਵੀਡੀਓ ਸੀ.ਡੀ. ਵੀ ਦਿੱਤੀ ਸੀ। ਪੁਲਿਸ ਅਧਿਕਾਰੀ ਨੇ ਇਸ ਸੀ.ਡੀ. ਬਾਰੇ ਕੁਝ ਵੀ ਹੋਰ ਨਹੀਂ ਦੱਸਿਆ।

ਕੀ ਹੈ ਪੂਰਾ ਮਾਮਲਾ-

ਜ਼ਿਕਰਯੋਗ ਹੈ ਕਿ ਬਾਰ੍ਹਵੀਂ ਜਮਾਤ ਦੀਆਂ ਇੱਕ ਮੈਡੀਕਲ ਤੇ ਇੱਕ ਨੌਨ-ਮੈਡੀਕਲ ਵਿਸ਼ੇ ਦੀਆਂ ਸਕੂਲ ਦੇ ਹੋਸਟਲ ਦੀਆਂ ਦੋ ਵਿਦਿਆਰਥਣਾਂ ਨੇ ਆਪਣੇ ਪ੍ਰਿੰਸੀਪਲ 'ਤੇ ਸਕੂਲ ਤੇ ਘਰ ਬੁਲਾ ਕੇ ਛੇੜਖਾਨੀ ਕਰਨ ਦਾ ਇਲਜ਼ਾਮ ਲਾਇਆ ਸੀ। ਵਿਦਿਆਰਥਣਾਂ ਮੁਤਾਬਕ ਇਹ ਮਾਮਲਾ 1 ਨਵੰਬਰ ਦਾ ਹੈ।

5 ਨਵੰਬਰ ਨੂੰ ਵਿਦਿਆਰਥਣਾਂ ਨੇ ਪ੍ਰਿੰਸੀਪਲ ਦੀ ਇਸ ਹਰਕਤ ਬਾਰੇ ਆਪਣੇ ਘਰਦਿਆਂ ਨੂੰ ਦੱਸਿਆ ਤੇ 8 ਨਵੰਬਰ ਨੂੰ ਇਹ ਮਾਮਲਾ ਮੀਡੀਆ ਸਾਹਮਣੇ ਲਿਆਂਦਾ ਗਿਆ। ਇਸ ਤੋਂ ਬਾਅਦ ਸੰਗਰੂਰ ਪ੍ਰਸ਼ਾਸਨ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਹੋਇਆਂ ਜਾਂਚ ਕਮੇਟੀ ਬਣਾਈ ਜਿਸ ਵੱਲੋਂ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪ੍ਰਿੰਸੀਪਲ ਵਿਰੁੱਧ ਜਿਣਸੀ ਸੋਸ਼ਣ ਤੇ ਬਾਲ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।