ਗਗਨਦੀਪ ਸ਼ਰਮਾ


ਅੰਮ੍ਰਿਤਸਰ: ਪ੍ਰਵਾਸੀ ਮਜ਼ਦੂਰਾਂ (migrant worker) ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ ਕਿਉਂਕਿ ਲੌਕਡਾਊਨ ਕਰਕੇ ਕੰਮਕਾਰ ਬੰਦ ਹੋਣ ਕਰਕੇ ਪ੍ਰੇਸ਼ਾਨ ਬੈਠੇ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਜਾਣਾ ਚਾਹੁੰਦੇ ਹਨ। ਦੂਜੇ ਪਾਸੇ ਆਵਾਜਾਈ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਹ ਪ੍ਰਵਾਸੀ ਮਜ਼ਦੂਰ ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਦਫਤਰ ਮੂਹਰੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਪਹੁੰਚੇ ਤੇ ਅਣਮਿੱਥੇ ਸਮੇਂ ਲਈ ਧਰਨੇ 'ਤੇ ਬੈਠ ਗਏ।

ਉਨ੍ਹਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਵਾਪਸ ਭੇਜਣ ਦਾ ਪ੍ਰਬੰਧ ਕਰੇ ਨਹੀਂ ਤਾਂ ਉਹ ਇੱਥੋਂ ਨਹੀਂ ਜਾਣਗੇ। ਇਹ ਪ੍ਰਵਾਸੀ ਮਜ਼ਦੂਰ ਬਿਹਾਰ, ਯੂਪੀ ਤੇ ਛਤੀਸਗੜ੍ਹ ਸੂਬਿਆਂ ਨਾਲ ਸਬੰਧਤ ਹਨ। ਇਨ੍ਹਾਂ ਦਾ ਸਾਫ ਕਹਿਣਾ ਸੀ ਕਿ ਸਰਕਾਰ ਨਾ ਤਾਂ ਸਾਡੇ ਖਾਣ-ਪੀਣ ਦਾ ਕੋਈ ਪ੍ਰਬੰਧ ਕਰ ਰਹੀ ਹੈ ਤੇ ਨਾ ਹੀ ਸਾਨੂੰ ਵਾਪਸ ਭੇਜਣ ਦਾ।

ਬੇਸ਼ੱਕ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਟ੍ਰੇਨਾਂ ਚਲਾ ਕੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ ‘ਚ ਭੇਜ ਦਿੱਤਾ ਗਿਆ ਪਰ ਇਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੇ ਮੋਬਾਈਲ ਰਾਹੀਂ ਸਰਕਾਰ ਵੱਲੋਂ ਜਾਰੀ ਪੋਰਟਲ ‘ਤੇ ਬਾਕਾਇਦਾ ਰਜਿਸਟ੍ਰੇਸ਼ਨ ਵੀ ਕਰਵਾਈ ਸੀ ਪਰ ਉਨ੍ਹਾਂ ਨੂੰ ਹਾਲੇ ਤੱਕ ਪਿਛਲੇ ਇੱਕ ਮਹੀਨੇ ਤੋਂ ਨਾ ਤਾਂ ਕੋਈ ਫੋਨ ਆਇਆ ਹੈ ਤੇ ਨਾ ਹੀ ਕੋਈ ਮੈਸੇਜ ਆਇਆ ਹੈ। ਉਹ ਰੋਜ਼ਾਨਾ ਬੱਚਿਆਂ ਸਣੇ ਖੱਜਲ ਖੁਆਰ ਹੋ ਰਹੇ ਹਨ।

ਪ੍ਰਵਾਸੀਆਂ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਨਾ ਤਾਂ ਖਾਣ ਨੂੰ ਕੋਈ ਰਾਸ਼ਨ ਹੈ ਤੇ ਨਾ ਹੀ ਪੈਸਾ, ਜਿਸ ਕਾਰਨ ਉਨ੍ਹਾਂ ਦੇ ਬੱਚੇ ਵੀ ਭੁੱਖੇ ਰੁਲ ਰਹੇ ਹਨ। ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਅਸੀਂ ਸਰਕਾਰ ਨੂੰ ਕੋਈ ਰਾਸ਼ਨ ਨਹੀਂ ਮੰਗ ਰਹੇ, ਸਾਨੂੰ ਸਾਡੇ ਸੂਬਿਆਂ ਵਿੱਚ ਵਾਪਸ ਭੇਜ ਦਿੱਤਾ ਜਾਵੇ ਤਾਂ ਕਿ ਅਸੀਂ ਉੱਥੇ ਜਾ ਕੇ ਥੋੜ੍ਹਾ ਬਹੁਤ ਖਾ ਕੇ ਆਪਣੀ ਰੋਜ਼ੀ ਰੋਟੀ ਚਲਾ ਸਕੀਏ।

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਸੂਬਾ ਸਰਕਾਰਾਂ ਨੂੰ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕੀ ਹੈ ਕਿ ਸੂਬਾ ਸਰਕਾਰਾਂ ਪ੍ਰਵਾਸੀ ਮਜ਼ਦੂਰ ਜੋ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ, ਉਨ੍ਹਾਂ ਦੀ ਟਰਾਂਸਪੋਟੇਸ਼ਨ ਦਾ ਪ੍ਰਬੰਧ ਕਰੇ ਤੇ ਰਾਸ਼ਨ ਦਾ ਪ੍ਰਬੰਧ ਕਰੇ ਪਰ ਪ੍ਰਵਾਸੀ ਮਜ਼ਦੂਰਾਂ ਦਾ ਦੋਸ਼ ਹੈ ਕਿ ਸਾਡੀ ਇੱਥੇ ਕੋਈ ਗੱਲ ਨਹੀਂ ਸੁਣੀ ਜਾ ਰਹੇ ਬਹੁਤਿਆਂ ਨੂੰ ਤਾਂ ਇੱਥੇ ਰਾਸ਼ਨ ਹੀ ਨਹੀਂ ਮਿਲਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904