ਜਲੰਧਰ: ਅਜਿਹਾ ਦੇਖਣ ਨੂੰ ਮਿਲ ਹੀ ਜਾਂਦਾ ਹੈ ਕਿ ਪਿਓ ਨੂੰ ਮਿਲੀ ਸੱਤਾ-ਤਾਕਤ ਤਾਕਤ ਦਾ ਸੁਖ਼ ਪੂਰਾ ਪਰਿਵਾਰ ਭੋਗਦਾ ਹੈ ਤੇ ਇਸੇ ਦੇ ਜ਼ੋਰ 'ਤੇ ਹੋਰ ਪਰਿਵਾਰਕ ਮੈਂਬਰ ਵੀ ਸਿਆਸਤ ਵਿੱਚ ਫਿੱਟ ਹੋ ਜਾਂਦੇ ਹਨ ਪਰ ਲੋਕਤੰਤਰ ਵਿੱਚ ਵੱਡੇ ਲੋਕ ਹੀ ਹੁੰਦੇ ਹਨ ਤੇ ਜੇਕਰ ਉਹ ਚਾਹੁੰਣ ਤਾਂ ਵੱਡੇ-ਵੱਡੇ ਲੀਡਰਾਂ ਦੀ ਪਿੱਠ ਲਵਾ ਦਿੰਦੇ ਹਨ। ਅਜਿਹਾ ਹੀ ਕੁਝ ਜਲੰਧਰ ਵਿੱਚ ਵਾਪਰਿਆ ਹੈ, ਜਿੱਥੇ ਆਪਣੀ ਧੀ ਨੂੰ ਸਰਪੰਚੀ ਦਿਵਾਉਣ ਦੇ ਚਾਹਵਾਨ ਵਿਧਾਇਕ ਪਿਤਾ ਦੀ ਤਾਕਤ ਅੱਗੇ ਝੁਕਣ ਨੂੰ ਉਨ੍ਹਾਂ ਦੇ ਜੱਦੀ ਪਿੰਡ ਦੇ ਲੋਕਾਂ ਨੇ ਇਨਕਾਰ ਕਰ ਦਿੱਤਾ। ਸਰਬਸੰਮਤੀ ਨਾ ਹੋਣ ਤੇ ਚੋਣ ਲੜਨ ਤੇ ਜਿੱਤਣ ਦਾ ਜੋਖ਼ਮ ਨਾ ਚੁੱਕਣ ਵਾਲੇ ਪਿਓ-ਧੀ ਨੂੰ ਆਪਣੇ ਪੈਰ ਪਿੱਛੇ ਖਿੱਚਣੇ ਪਏ ਹਨ।

ਕਾਂਗਰਸ ਦੇ ਕਰਤਾਰਪੁਰ ਤੋਂ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਆਪਣੇ ਪਿੰਡ ਧਾਲੀਵਾਰ ਕਾਦੀਆਂ ਤੋਂ ਆਪਣੀ ਛੋਟੀ ਧੀ ਨਵਿੰਦਰ ਨੂੰ ਸਰਪੰਚੀ ਦਿਵਾਉਣੀ ਚਾਹੀ। ਜਲੰਧਰ ਪੱਛਮੀ ਬਲਾਕ ਵਿੱਚ ਪੈਂਦੇ ਇਸ ਪਿੰਡ ਦੀਆਂ 1,522 ਵੋਟਾਂ ਹਨ ਤੇ ਪਿੰਡ ਵਿੱਚ ਕਈ ਐਨਆਰਆਈ ਵੀ ਹਨ। ਪਰ ਪਿੰਡ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਲਈ ਗੀਤਕਾਰ ਰਾਮ ਕੁਮਾਰ ਤੇ ਸਾਬਕਾ ਪੰਚ ਮਨਦੀਪ ਕੁਮਾਰ ਵੀ ਚੋਣ ਮੈਦਾਨ ਵਿੱਚ ਨਿੱਤਰ ਆਏ। ਡੇਢ ਕੁ ਹਜ਼ਾਰ ਵੋਟਾਂ ਵਾਲੇ ਪਿੰਡ ਵਿੱਚ ਜਿੱਤ ਦਾ ਜੋਖ਼ਮ ਨਾ ਚੁੱਕਦਿਆਂ ਐਮਐਲਏ ਚੌਧਰੀ ਨੇ ਨਵਿੰਦਰ ਦੇ ਆਖ਼ਰ ਕਾਗ਼ਜ਼ ਵਾਪਸ ਕਰਵਾ ਲਏ।

ਇਹ ਉਸ ਸਮੇਂ ਹੋਇਆ ਜਦ ਨਵਿੰਦਰ ਗ੍ਰੈਜੂਏਟ ਹੋਣ ਦੇ ਬਾਵਜੂਦ ਆਪਣੇ ਪਰਿਵਾਰ 'ਚੋਂ ਪਿੰਡ ਦੀ ਛੇਵੀਂ ਸਰਪੰਚ ਬਣਨ ਲਈ ਅੱਗੇ ਆਈ ਸੀ। ਉਸ ਦੇ ਪੜਦਾਦਾ ਮਾਸਟਰ ਗੁਰਬੰਤਾ ਸਿੰਘ ਨੇ ਸੰਨ 1950 'ਚ ਬਤੌਰ ਪਿੰਡ ਦੇ ਸਰਪੰਚ ਹੀ ਸਿਆਸਤ ਸ਼ੁਰੂ ਕੀਤੀ ਸੀ ਅਤੇ ਬਾਅਦ ਵਿੱਚ ਪੰਜਾਬ ਦੇ ਮੰਤਰੀ ਵੀ ਰਹਿ ਬਣੇ. ਉਨ੍ਹਾਂ ਮਗਰੋਂ ਉਨ੍ਹਾਂ ਦੇ ਪੁੱਤਰ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਨੇ ਵੀ ਪਿੰਡ ਦੇ ਸਰਪੰਚ ਤੋਂ ਹੀ ਸ਼ੁਰੂਆਤ ਕੀਤੀ ਸੀ। ਫਿਰ ਚੌਧਰੀ ਜਗਜੀਤ ਸਿੰਘ ਦੀ ਪਤਨੀ ਗੁਰਬਚਨ ਕੌਰ ਅਤੇ ਫਿਰ ਚੌਧਰੀ ਸੁਰਿੰਦਰ ਸਿੰਘ ਵੀ 18 ਸਾਲਾਂ ਤਕ ਸਰਪੰਚ ਰਹੇ।

ਚੌਧਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵੱਡੀ ਧੀ ਯਸ਼ਵਿੰਦਰ ਦਾ ਵਿਆਹੀ ਹੋਈ ਹੈ ਤੇ ਉਨ੍ਹਾਂ ਦਾ ਪਤੀ ਖਰੜ ਵਿੱਚ ਬਤੌਰ ਡੀਐਸਪੀ ਤਾਇਨਾਤ ਹੈ ਅਤੇ ਉਨ੍ਹਾਂ ਦਾ ਪੁੱਤਰ ਦਮਨਵੀਰ ਸਰਪੰਚੀ ਲਈ ਲੋੜੀਂਦੀ ਉਮਰ ਹੱਦ ਯਾਨੀ 21 ਸਾਲਾਂ ਤੋਂ ਦੋ ਮਹੀਨੇ ਛੋਟਾ ਹੈ। ਵਿਧਾਇਕ ਨੇ ਦੱਸਿਆ ਕਿ ਜਦ ਉਨ੍ਹਾਂ ਆਪਣੀ ਪੁੱਤਰੀ ਨੂੰ ਸਰਪੰਚੀ ਲਈ ਅੱਗੇ ਕੀਤਾ ਤਾਂ ਦੋ ਹੋਰ ਉਮੀਦਵਾਰ ਵੀ ਸਰਪੰਚੀ ਦੀ ਦਾਅਵੇਦਾਰੀ ਨਿੱਤਰ ਆਏ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਨਵਿੰਦਰ ਦੇ ਕਾਗ਼ਜ਼ ਵਾਪਸ ਲੈਣ ਵਿੱਚ ਹੀ ਉਨ੍ਹਾਂ ਭਲਾਈ ਸਮਝੀ।