ਗੁਰਦਾਸਪੁਰ: ਜ਼ਿਲ੍ਹੇ ਦੇ ਹਲਕੇ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਨੂੰ ਦੋ-ਤਿੰਨ ਮਹੀਨੀਆਂ ਵਿੱਚ ਪੰਜਾਬ ਦੇ ਹੋਣ ਵਾਲੇ ਮੁੱਖ ਮੰਤਰੀ ਦੱਸਿਆ ਹੈ। ਹਾਲਾਂਕਿ, ਕਾਂਗਰਸ ਨੇ ਅਜਿਹਾ ਨਹੀਂ ਹੋ ਸਕਦਾ ਤੇ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਮੁੱਖ ਮੰਤਰੀ ਬਣੇ ਰਹਿਣਗੇ।


ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਬਾਗ਼ੀ ਸੁਰਾਂ ਮਗਰੋਂ ਹੁਣ ਬਲਵਿੰਦਰ ਸਿੰਘ ਲਾਡੀ ਨੇ ਵੀ ਆਪਣੇ ਮਨ ਦੀ ਗੱਲ ਕਹਿ ਦਿੱਤੀ ਹੈ। ਉਹ ਕਸਬਾ ਘੁਮਾਣ ਵਿੱਚ ਖੇਡ ਮੇਲੇ ਦੀ ਸਟੇਜ ਤੋਂ ਬੋਲ ਰਹੇ ਸਨ। ਕਾਦੀਆਂ ਦੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਸਮਰਥਕ ਬੈਠੇ ਸਨ।



ਉੱਥੇ ਸੰਬੋਧਨ ਦੌਰਾਨ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਟੇਜ ਤੋਂ ਆਖਿਆ ਕਿ ਜਿਸ ਤਰ੍ਹਾਂ ਪ੍ਰਤਾਪ ਬਾਜਵਾ ਨੇ ਹਾਈ ਕਮਾਂਡ ਦੀ ਮੀਟਿੰਗ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਰੱਖਿਆ ਹੈ, ਉਥੋਂ ਸਾਫ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਵਾਗਡੋਰ ਬਾਜਵਾ ਦੇ ਹੱਥ ਵਿੱਚ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਅਰਦਾਸ ਕਰੀਏ ਕਿ ਸਾਡੀ ਇਹ ਮੰਗ ਪੂਰੀ ਹੋ ਜਾਵੇ ਤੇ ਆਉਣ ਵਾਲੇ ਕੁਝ ਮਹੀਨੀਆਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਹੋਣਗੇ।

ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਵਜੋਂ ਹਟਾਉਣ ਦੀ ਕੋਈ ਵੀ ਯੋਜਨਾ ਦੀ ਸੰਭਾਵਨਾ ਤੋਂ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵਿਧਾਇਕ ਲਾਡੀ ਨੇ ਕਿਹਾ ਹੈ, ਉਹ ਉਨ੍ਹਾਂ ਦੀ ਨਿਜੀ ਸੋਚ ਹੋ ਸਕਦੀ ਹੈ ਅਤੇ ਮੌਜੂਦਾ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਵਿਧਾਇਕ ਲਾਡੀ ਇਸ ਟਿੱਪਣੀ 'ਤੇ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਵਿੱਚ ਤਾਂ ਆਪ ਹੀ ਫੁੱਟ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਬਾਜਵਾ ਨੇ ਸਿਆਸੀ ਕਾਰਡ ਖੇਡ ਕੇ ਕੈਪਟਨ 'ਤੇ ਸਵਾਲ ਚੁੱਕੇ ਹਨ।