ਚੰਡੀਗੜ੍ਹ: ਪਿਛਲੇ ਦਿਨੀਂ ਨਸ਼ਿਆਂ ਦੇ ਮੁੱਦੇ 'ਤੇ ਸਰਕਾਰੀ ਸਮਾਗਮ ਦਾ ਬਾਈਕਾਟ ਕਰ ਮੀਡੀਆ ਤੇ ਪੂਰੇ ਪੰਜਾਬ ਸਾਹਮਣੇ ਸਰਕਾਰ ਦੀ ਪੋਲ ਖੋਲ੍ਹਣ ਵਾਲੇ ਜ਼ੀਰਾ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਨੱਥ ਪਾਉਣ ਦੀ ਤਿਆਰੀ ਕਰ ਰਹੀ ਹੈ। ਦੂਜੇ ਪਾਸੇ ਜ਼ੀਰਾ ਇਸ ਲਈ ਤਿਆਰ ਹਨ ਤੇ ਆਪਣੇ ਮਸਲੇ ਨਾ ਹੱਲ ਹੋਣ 'ਤੇ ਉਹ ਧਰਨੇ ਵੀ ਦੇਣਗੇ। ਪਾਰਟੀ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਸਰਪੰਚਾਂ ਦੇ ਸਹੁੰ ਚੁੱਕ ਸਮਾਗਮ 'ਚ ਜਾਗਿਆ MLA ਦਾ ਜ਼ਮੀਰ, ਕੈਪਟਨ ਤੇ ਪੁਲਿਸ ਨੂੰ ਨਸ਼ਾ ਖ਼ਤਮ ਕਰਨ 'ਚ ਨਾਕਾਮ ਦੱਸ ਕੀਤਾ ਬਾਈਕਾਟ
'ਏਬੀਪੀ ਸਾਂਝਾ' 'ਤੇ ਆਪਣੀ ਸਫਾਈ ਪੇਸ਼ ਕਰਦਿਆਂ ਜ਼ੀਰਾ ਨੇ ਕਿਹਾ ਕਿ ਉਨ੍ਹਾਂ ਸਹੁੰ ਚੁੱਕ ਸਮਾਰੋਹ ਦੌਰਾਨ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਆਵਾਜ਼ ਚੁੱਕੀ ਸੀ ਨਾ ਕਿ ਕਾਂਗਰਸ ਸਰਕਾਰ ਦੇ। ਜ਼ੀਰਾ ਨੇ ਕਿਹਾ ਕਾਂਗਰਸ ਵੱਲੋਂ ਆਏ ਨੋਟਿਸ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ ਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਮਿਲ ਕੇ ਵੀ ਇਸ ਗੱਲ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਕਾਲੀ ਲੀਡਰਾਂ ਦੀ ਮਿਲੀਭੁਗਤ ਹੋਣ ਦੇ ਵੀ ਦੋਸ਼ ਲਾਏ।
ਜ਼ੀਰਾ ਮੁਤਾਬਕ ਉਨ੍ਹਾਂ ਕੋਲ ਆਈਜੀ ਮੁਖਵਿੰਦਰ ਸਿੰਘ ਛੀਨਾ ਵਿਰੁੱਧ ਠੋਸ ਸਬੂਤ ਹਨ। ਉਨ੍ਹਾਂ ਆਈਜੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਮੁਖਵਿੰਦਰ ਸਿੰਘ ਛੀਨਾ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਇਸ ਬਾਬਤ ਉਹ ਪੰਜਾਬ ਪੁਲਿਸ ਮੁਖੀ ਨੂੰ ਸਬੂਤਾਂ ਸਮੇਤ ਆਪਣਾ ਲਿਖਤੀ ਮੰਗ ਪੱਤਰ ਦੇਣਗੇ।
ਸਬੰਧਤ ਖ਼ਬਰ: ਕੈਪਟਨ ਦੇ ਜਰਨੈਲ ਨੇ ਚੁੱਕਿਆ ਬਗ਼ਾਵਤੀ ਝੰਡਾ, ਕਾਂਗਰਸ ਨੇ ਕੱਢਿਆ ਨੋਟਿਸ
ਕੁਲਬੀਰ ਜ਼ੀਰਾ ਨੇ ਦਾਅਵਾ ਕੀਤਾ ਜੇਕਰ ਸਰਕਾਰ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਕੋਈ ਕਾਰਵਾਈ ਕਰਨ ਵਿੱਚ ਨਾਕਾਮਯਾਬ ਰਹੀ ਤਾਂ ਉਹ ਧਰਨਾ ਪ੍ਰਦਰਸ਼ਨ ਵੀ ਕਰਨਗੇ। ਵਿਧਾਇਕ ਨੇ ਕਿਹਾ ਕਿ ਅਫ਼ਸਰਾਂ ਨੂੰ ਗ਼ਲਤ ਕੰਮ ਕਰਨ ਲੱਗੇ ਨਹੀਂ ਡਰ ਲੱਗਦਾ ਕਿਉਂਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਿਰਫ ਬਦਲੀ ਹੁੰਦੀ ਹੈ, ਪਰ ਆਪਣੀ ਹੀ ਸਰਕਾਰ ਕੋਲੋਂ ਮੰਗ ਕੀਤੀ ਕਿ ਗ਼ਲਤ ਕੰਮ ਕਰਨ ਵਾਲੇ ਅਫ਼ਸਰ ਦੀ ਬਦਲੀ ਪੰਜਾਬ ਤੋਂ ਬਾਹਰ ਬਿਹਾਰ ਵਰਗੇ ਰਾਜਾਂ ਵਿੱਚ ਹੋਣੀ ਚਾਹੀਦੀ ਹੈ।