Moga News: ਅੱਜ ਮੋਗਾ ਦੇ ਪਿੰਡ ਰਤੀਆ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੀ ਤਰਫੋਂ ਫਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਗਿਆ। ਕਿਸਾਨਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਭਾਰੀ ਪੁਲਿਸ ਫੋਰਸ ਮੌਜੂਦ ਸੀ।



ਕਿਸਾਨ ਆਗੂ ਬਲੌਰ ਸਿੰਘ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ। ਇਸ ਕਾਰਨ ਕਿਸਾਨ ਅੱਜ ਵੀ ਹਰਿਆਣਾ ਦੀ ਸਰਹੱਦ 'ਤੇ ਬੈਠੇ ਹਨ। ਅੱਜ ਇੱਕ ਹੋਰ ਕਿਸਾਨ ਦੀ ਵੀ ਜਾਨ ਚਲੀ ਗਈ। ਇਸ ਲਈ ਬੀਜੇਪੀ ਲੀਡਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿਆਂਗੇ।


ਕਿਸਾਨ ਲੀਡਰ ਨੇ ਕਿਹਾ ਕਿ ਅਸੀਂ ਭਾਜਪਾ ਦਾ ਬਾਈਕਾਟ ਕੀਤਾ ਹੈ। ਪਿੱਛੇ ਜਿਹੇ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਕਿਸਾਨ ਲੀਡਰ ਦੀ ਧੱਕਾਮੁੱਕੀ ਨਾਲ ਮੌਤ ਹੋ ਗਈ ਸੀ। ਅਸੀਂ ਕਿਸੇ ਵੀ ਕੀਮਤ 'ਤੇ ਭਾਜਪਾ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਵਾਂਗੇ। ਜੇਕਰ ਕੋਈ ਉਮੀਦਵਾਰ ਕਿਸੇ ਵੀ ਪਿੰਡ ਵੋਟਾਂ ਮੰਗਣ ਜਾਂਦਾ ਹੈ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ।


ਦੱਸ ਦਈਏ ਕਿ ਪੰਜਾਬ ਭਾਜਪਾ ਦੇ ਵਫ਼ਦ ਵੱਲੋਂ ਸੂਬੇ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਪ੍ਰਚਾਰ ਕਰਨ ਤੋਂ ਰੋਕੇ ਜਾਣ ਤੇ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਤੋਂ ਇਸ ਸਬੰਧੀ ਕਾਰਵਾਈ ਰਿਪੋਰਟ ਮੰਗੀ ਹੈ।


ਸੋਮਵਾਰ ਨੂੰ ਪੰਜਾਬ ਭਾਜਪਾ ਦੇ ਵਫ਼ਦ ਨੇ ਮੁੱਖ ਚੋਣ ਅਧਿਕਾਰੀ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕਰਕੇ ਆਜ਼ਾਦ ਤੇ ਨਿਰਪੱਖ ਚੋਣ ਅਮਲ ਨੂੰ ਯਕੀਨੀ ਬਣਾਉਣ ਤੇ ਚੋਣ ਪ੍ਰਚਾਰ ਦੇ ਅਧਿਕਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਉਨ੍ਹਾਂ ਨੇ ਸੂਬੇ ਵਿੱਚ ਚੋਣਾਂ ਦੇ ਸਮੇਂ ਦੌਰਾਨ ਆਪਣੇ ਉਮੀਦਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਖਦਸ਼ਾ ਪ੍ਰਗਟਾਇਆ ਸੀ। ਬੀਜੇਪੀ ਦੇ ਵਫ਼ਦ ਵੱਲੋਂ ਆਪਣਾ ਤਫਸੀਲ ਸ਼ਿਕਾਇਤ ਪੱਤਰ ਸੌਂਪੇ ਜਾਣ ਤੋਂ ਬਾਅਦ ਮੁੱਖ ਚੋਣ ਅਧਿਕਾਰੀ ਨੇ ਇਸ ਸਬੰਧੀ ਪੰਜਾਬ ਦੇ ਡੀਜੀਪੀ ਨੂੰ ਤੱਥ ਖੋਜ ਅਤੇ ਕਾਰਵਾਈ ਰਿਪੋਰਟ ਸੌਂਪਣ ਲਈ ਕਿਹਾ ਹੈ।


ਸੁਨੀਲ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਮਿਲ ਕੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕਰਵਾ ਰਹੇ ਹਨ। ਇਹ ਕਿਸਾਨਾਂ ਦਾ ਨਾਂ ਬਦਨਾਮ ਕਰਵਾ ਰਹੇ ਹਨ। ਜਾਖੜ ਨੇ ਕਿਹਾ ਕਿ ਜਿਸ ਕਿਸਾਨ ਦੀ ਮੌਤ ਹੋਈ ਹੈ, ਉਸ ਦੀ ਮੌਤ ਉੱਤੇ ਦੁੱਖ ਹੈ ਪਰ ਉਹ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸੀ। ਜਾਖੜ ਨੇ ਕਿਹਾ ਇਨ੍ਹਾਂ ਪਾਰਟੀਆਂ ਨੂੰ ਡਰ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਪਿੰਡਾਂ ਵਿੱਚ ਪ੍ਰਚਾਰ ਕਰਨ ਗਈ ਤਾਂ ਇਨ੍ਹਾਂ ਦਾ ਸੁਪੜਾ ਸਾਫ਼ ਹੋ ਜਾਵੇਗਾ।