ਮੋਗਾ : ਬੀਤੇ ਦਿਨ ਮੋਗਾ ਪੁਲਿਸ ਨੇ ਕਾਂਗਰਸੀ ਆਗੂ ਆਸ਼ੂ ਬੰਗੜ ਨੂੰ ਗਿ੍ਫ਼ਤਾਰ ਕਰਕੇ ਅੱਜ ਅਦਾਲਤ 'ਚ ਪੇਸ਼ ਕੀਤਾ ਸੀ, ਜਿੱਥੇ ਪੁਲਿਸ ਨੇ ਹੋਰ ਪੁੱਛ ਗਿੱਛ ਲਈ 2 ਦਿਨ ਦਾ ਰਿਮਾਂਡ ਲੈ ਲਿਆ ਹੈ, ਉਥੇ ਹੀ ਆਸ਼ੂ ਬੰਗੜ ਦੇ ਮਾਮਲੇ 'ਚ ਕਾਂਗਰਸੀਆਂ ਨੇ ਦੂਜੇ ਦਿਨ ਵੀ ਧਰਨਾ ਜਾਰੀ ਰੱਖਿਆ ਹੈ। ਅੱਜ ਧਰਨੇ ਵਿੱਚ ਪਰਗਟ ਸਿੰਘ ਸਮੇਤ ਕੁਲਬੀਰ ਜੀਰਾ, ਮਾਲਵਿਕਾ ਸੂਦ ਅਤੇ ਜ਼ਿਲ੍ਹੇ ਭਰ ਦੀ ਕਾਂਗਰਸੀ ਲੀਡਰਸ਼ਿਪ ਸ਼ਾਮਲ ਹੋਈ, ਜਦੋਂਕਿ ਰਾਜਾ ਵੈਡਿੰਗ ਨੇ ਵੀ ਰਾਤ 11 ਵਜੇ ਤੱਕ ਧਰਨੇ ਵਿੱਚ ਸ਼ਮੂਲੀਅਤ ਕੀਤੀ। 

 

ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ


ਆਸ਼ੂ ਬੰਗੜ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਘਰ ਤੋਂ ਗ੍ਰਿਫਤਾਰ ਕੀਤਾ ਸੀ। ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਕਤਸਰ ਦਾ ਹਰਦੀਪ, ਡਾਕਟਰ ਆਸ਼ੂ ਬੰਗੜ ਅਤੇ ਕੁਝ ਹੋਰ ਮਿਲ ਕੇ ਇਸ ਗਰੋਹ ਨੂੰ ਚਲਾ ਰਹੇ ਹਨ। ਜੋ ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਨੌਕਰੀ ਦਿਵਾਉਣ ਲਈ ਤਜ਼ਰਬੇ ਦੇ ਸਰਟੀਫਿਕੇਟਾਂ ਸਮੇਤ ਕਈ ਜਾਅਲੀ ਦਸਤਾਵੇਜ਼ ਬਣਾਉਂਦੇ ਹਨ।

ਬਿਨਾਂ ਸ਼ਿਕਾਇਤ ਦੇ ਦਰਜ ਹੋਇਆ ਕੇਸ , ਕੋਈ ਸਬੂਤ ਨਹੀਂ : ਰਾਜਾ ਵੜਿੰਗ


ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਆਸ਼ੂ ਬੰਗੜ ਦੇ ਮਾਮਲੇ ਵਿੱਚ ਕੋਈ ਸ਼ਿਕਾਇਤਕਰਤਾ ਨਹੀਂ ਹੈ। ਪੁਲਿਸ ਕੋਲ ਵੀ ਕੋਈ ਸਬੂਤ ਨਹੀਂ ਹੈ। ਇਸ ਮਾਮਲੇ ਵਿੱਚ ਇੱਕ ਆਡੀਓ ਕਲਿੱਪ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਉਹ ਕਿੱਥੇ ਹੈ? ਪੁਲਿਸ ਇਸ ਬਾਰੇ ਕੁਝ ਨਹੀਂ ਕਹਿ ਰਹੀ ਹੈ। ਇਹ ਕਾਰਵਾਈ ਬਿਨਾਂ ਕਿਸੇ ਤੱਥ ਦੇ ਕੀਤੀ ਗਈ ਹੈ। ਜਿਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਦੀ ਪਹਿਲਾਂ ਜਾਂਚ ਕੀਤੀ ਜਾਵੇ।

ਆਪ ਛੱਡਦੇ ਸਮੇਂ ਲਾਏ ਸਨ ਗੰਭੀਰ ਦੋਸ਼  


ਡਾ: ਆਸ਼ੂ ਬੰਗੜ ਨੇ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਛੱਡਣ ਸਮੇਂ ਗੰਭੀਰ ਦੋਸ਼ ਲਾਏ ਸਨ। ਬੰਗੜ ਨੇ ਦੱਸਿਆ ਕਿ ਟਿਕਟ ਲੈਣ ਲਈ ਉਸ ਨੂੰ 50 ਲੱਖ ਰੁਪਏ ਦੇਣੇ ਪਏ ਹਨ। ਇਸ ਤੋਂ ਬਾਅਦ ਵੀ ਹੋਰ ਪੈਸੇ ਦਾ ਦਬਾਅ ਬਣਾਇਆ ਗਿਆ। ਜਿਸ ਕਾਰਨ ਉਹ ਪਰੇਸ਼ਾਨ ਹੋ ਗਿਆ। ਉਹ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗਾ ਪਰ ਪਤਨੀ ਨਾਲ ਗੱਲ ਕਰਨ ਤੋਂ ਬਾਅਦ ਉਹ ਪਾਰਟੀ ਛੱਡ ਗਿਆ। ਇਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਦਿੱਤੀ। ਇਸ ਦੇ ਨਾਲ ਹੀ ‘ਆਪ’ ਨੇ ਆਸ਼ੂ ਬੰਗੜ ਦੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਸੀ।