ਮੋਹਾਲੀ :  ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ ਹੋਏ ਝੂਲੇ ਹਾਦਸੇ ਵਿੱਚ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਦਸੇ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ ਸੀ। ਮੁਲਜ਼ਮਾਂ ਦੀ ਪਛਾਣ ਮੇਲੇ ਦੇ ਪ੍ਰਬੰਧਕ ਮੁਕੇਸ਼ ਕੁਮਾਰ, ਝੂਲੇ ਦੇ ਮਾਲਕ ਗੌਰਵ ਕੁਮਾਰ ਅਤੇ ਆਰਿਫ਼ ਸੰਚਾਲਕ ਵਜੋਂ ਹੋਈ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ।

 ਮਨੁੱਖੀ ਅਧਿਕਾਰ ਕਮਿਸ਼ਨ ਨੇ ਡੀਸੀ ਤੋਂ ਮਾਮਲੇ ਦੀ ਰਿਪੋਰਟ 17 ਨਵੰਬਰ ਤੱਕ ਤਲਬ ਕੀਤੀ ਹੈ। ਦੁਸਹਿਰਾ ਗਰਾਊਂਡ ਵਿੱਚ ਝੂਲਾ ਡਿੱਗਣ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਮੇਲੇ ਦੇ ਪ੍ਰਬੰਧਕਾਂ ਅਤੇ ਇਸ ਨਾਲ ਜੁੜੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਤਿੰਨ ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਮੰਗਲਵਾਰ ਨੂੰ ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਸ਼ਹਿਰ ਤੋਂ ਹੀ ਗ੍ਰਿਫਤਾਰ ਕਰ ਲਿਆ।

ਪੁਲੀਸ ਟੀਮ ਵੀ ਮੁਲਜ਼ਮਾਂ ਨੂੰ ਮੌਕੇ ’ਤੇ ਲੈ ਗਈ ਸੀ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਸਪੱਸ਼ਟ ਕੀਤਾ ਹੈ ਕਿ ਇਸ ਵਾਰ ਉਨ੍ਹਾਂ ਨੇ ਵਿਦੇਸ਼ਾਂ ਦੀ ਤਰਜ਼ ’ਤੇ ਮੇਲੇ ਵਿੱਚ ਝੂਲਾ ਲਾਇਆ ਸੀ। ਉਹ ਕੰਪਨੀ ਤੋਂ ਬਿਲਕੁਲ ਨਵਾਂ ਝੂਲਾ ਲੈ ਕੇ ਆਏ ਸੀ। ਝੂਲੇ ਦੀ ਪੁਲੀ ਟੁੱਟ ਗਈ ,ਜਿਸ ਕਾਰਨ ਇਹ ਹਾਦਸਾ ਵਾਪਰਿਆ। ਮੁਲਜ਼ਮ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮਾਹੌਲ ਗਰਮਾ ਗਿਆ ਸੀ।



ਦੱਸ ਦੇਈਏ ਕਿ ਐਤਵਾਰ ਨੂੰ ਫੇਜ਼-8 ਦੁਸਹਿਰਾ ਗਰਾਊਂਡ ਵਿੱਚ ਚੱਲ ਰਹੇ ਮੇਲੇ ਦੌਰਾਨ ਡਰਾਪ ਟਾਵਰ ਦਾ ਝੂਲਾ ਸਿਰਫ਼ ਤਿੰਨ ਸਕਿੰਟਾਂ ਵਿੱਚ 50 ਫੁੱਟ ਦੀ ਉਚਾਈ ਤੋਂ ਡਿੱਗ ਗਿਆ ਸੀ। ਇਸ ਹਾਦਸੇ 'ਚ 30 ਲੋਕ ਜ਼ਖਮੀ ਹੋ ਗਏ। ਇਨ੍ਹਾਂ 'ਚੋਂ 16 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।


ਦੁਸਹਿਰਾ ਗਰਾਊਂਡ ਵਿਚ ਝੂਲੇ ਦੀ ਘਟਨਾ ਤੋਂ ਬਾਅਦ ਸੋਮਵਾਰ ਤੋਂ ਹੀ ਮੇਲੇ ਨੂੰ ਸਮੇਟਣ ਲਈ ਟੀਮਾਂ ਇਕੱਠੀਆਂ ਹੋਈਆਂ ਸਨ। ਇੰਨਾ ਹੀ ਨਹੀਂ ਉਸ ਨੂੰ ਝੂਲਾ ਵੀ ਉਤਾਰਨਾ ਪਿਆ ,ਜਿਸ ਕਾਰਨ ਇਹ ਹਾਦਸਾ ਵਾਪਰਿਆ। ਸੂਤਰਾਂ ਅਨੁਸਾਰ ਅਜਿਹਾ ਕਰਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ ਹੀ ਇਹ ਮਾਮਲਾ ਡੀਸੀ ਅਮਿਤ ਤਲਵਾੜ ਤੱਕ ਪਹੁੰਚਿਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਆਦੇਸ਼ ਦਿੱਤੇ ਕਿ ਜਦੋਂ ਤੱਕ ਇਸ ਮਾਮਲੇ 'ਚ ਪ੍ਰਸ਼ਾਸਨ ਦੀ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਝੂਲਾ ਓਸੇ ਹਾਲਤ ਵਿੱਚ ਰਹੇਗਾ।


ਝੂਲੇ ਡਿੱਗਣ ਦੇ ਮਾਮਲੇ ਵਿੱਚ ਗਠਿਤ ਕਮੇਟੀ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਟੀਮ ਨੇ ਤੱਥ ਇਕੱਠੇ ਕੀਤੇ। ਕਮੇਟੀ ਦੀ ਮੀਟਿੰਗ ਵੀ ਹੋ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਸ਼ਾਮ ਤੱਕ ਕਮੇਟੀ ਆਪਣੀ ਜਾਂਚ ਪੂਰੀ ਕਰਕੇ ਡੀਸੀ ਨੂੰ ਰਿਪੋਰਟ ਸੌਂਪ ਦੇਵੇਗੀ। ਇਸ ਵਿੱਚ ਜੋ ਵੀ ਜ਼ਿੰਮੇਵਾਰ ਪਾਇਆ ਜਾਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇੰਨਾ ਹੀ ਨਹੀਂ ਸੀਐਮ ਭਗਵੰਤ ਮਾਨ ਖੁਦ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਗੰਭੀਰ ਹਨ।