ਮੋਹਾਲੀ : ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਧਰਨਾ ਦੇਰ ਰਾਤ ਖਤਮ ਹੋ ਗਿਆ ਹੈ। ਸੀਯੂ ਨੇ ਡੀਸੀ ਅਤੇ ਆਈਜੀ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ। ਇਸ ਦੇ ਨਾਲ ਹੀ ਧਰਨੇ ਵਿੱਚ ਸ਼ਾਮਲ ਕਿਸੇ ਵੀ ਵਿਦਿਆਰਥੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਹੋਸਟਲ ਵਾਰਡਨ ਬਦਲ ਦਿਤੇ ਜਾਣਗੇ।



ਮੀਡੀਆ ਰਿਪੋਰਟਾਂ ਮੁਤਾਬਕ ਯੂਨੀਵਰਸਿਟੀ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਹੋਸਟਲ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀ ਕੈਂਪਸ ਛੱਡ ਰਹੇ ਹਨ। ਇਸ ਦੇ ਨਾਲ ਹੀ ਲੜਕੀਆਂ ਦੇ ਹੋਸਟਲ 'ਚ ਪਹਿਰਾਵੇ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵੀਡੀਓ ਬਣਾਉਣ ਵਾਲੀ ਲੜਕੀ ਅਤੇ ਉਸ ਦੇ ਲੜਕੇ ਦੇ ਦੋਸਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ, ਅੱਧੀ ਰਾਤ ਨੂੰ ਸੜਕਾਂ 'ਤੇ ਉਤਰੀਆਂ ਵਿਦਿਆਰਥਣਾਂ



ਦੱਸ ਦਈਏ ਕਿ ਚੰਡੀਗੜ੍ਹ ਯੂਨੀਵਰਸਿਟੀ 'ਚ ਕੁਝ ਵਿਦਿਆਰਥਣਾਂ ਦੇ ਨਹਾਉਣ ਦੀ ਵੀਡੀਓ ਵਾਇਰਲ ਹੋਣ ਦੀ ਖ਼ਬਰ ਤੋਂ ਬਾਅਦ ਵਿਦਿਆਰਥੀਆਂ ਨੇ ਸ਼ਨੀਵਾਰ ਅੱਧੀ ਰਾਤ ਤੋਂ ਹੀ ਜ਼ੋਰਦਾਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ, ਜੋ ਐਤਵਾਰ ਨੂੰ ਦਿਨ ਭਰ ਜਾਰੀ ਰਿਹਾ। ਉਸ ਨੂੰ ਖਦੇੜਨ ਲਈ ਪਹੁੰਚੀ ਪੁਲਿਸ ਨਾਲ ਵਿਦਿਆਥੀਆਂ ਦਾ ਟਕਰਾਅ ਹੋ ਗਿਆ। ਦੋਸ਼ ਹੈ ਕਿ ਕਈ ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਯੂਨੀਵਰਸਿਟੀ ਅਤੇ ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਹੈ। 

 

ਪੁਲਿਸ ਨੇ ਇੱਕ ਵਿਦਿਆਰਥਣ ਨੂੰ ਵੀਡੀਓ ਬਣਾ ਕੇ ਸ਼ਿਮਲਾ ਵਿੱਚ ਆਪਣੇ ਦੋਸਤ ਨੂੰ ਭੇਜਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਐਤਵਾਰ ਦੇਰ ਸ਼ਾਮ ਤੱਕ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੁਲਿਸ 'ਤੇ ਮਾਮਲੇ ਨੂੰ ਦਬਾਉਣ ਦੇ ਦੋਸ਼ ਲਾਉਂਦੇ ਹੋਏ ਕੈਂਪਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦਾ ਦੋਸ਼ ਹੈ ਕਿ ਘੱਟੋ-ਘੱਟ 8 ਵਿਦਿਆਰਥਣਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਨੇ ਗ੍ਰਿਫਤਾਰ ਦੋਸ਼ੀ ਵਿਦਿਆਰਥੀ ਦੇ ਖਿਲਾਫ ਆਈਪੀਸੀ ਦੀ ਧਾਰਾ 354-ਸੀ ਅਤੇ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।


ਦੱਸ ਦਈਏ ਕਿ ਸ਼ਾਮ ਨੂੰ ਚੰਡੀਗੜ੍ਹ ਪੁਲਿਸ ਨੇ ਉਸਦੇ ਦੋਸਤ ਅਤੇ ਵੀਡੀਉ ਵਾਇਰਲ ਕਰਨ ਵਾਲੇ ਦੋਸ਼ੀ ਸੰਨੀ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕਰ ਲਿਆ ਹੈ। ਮੁਹਾਲੀ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦਾਅਵਾ ਕੀਤਾ ਕਿ ਮੁਲਜ਼ਮ ਵਿਦਿਆਰਥੀ ਦੇ ਮੋਬਾਈਲ ਵਿੱਚੋਂ ਸਿਰਫ਼ ਇੱਕ ਵੀਡੀਓ ਮਿਲੀ ਹੈ, ਜੋ ਉਸ ਦੀ ਸੀ। ਵਿਦਿਆਰਥਣ ਨੇ ਆਪਣੀ ਵੀਡੀਓ ਆਪਣੇ ਇੱਕ ਦੋਸਤ ਨੂੰ ਭੇਜੀ ਸੀ। ਫਿਲਹਾਲ ਮੋਬਾਈਲ ਅਤੇ ਲੈਪਟਾਪ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।