Mohali News: ਸਿਹਤ ਵਿਭਾਗ ਦੀ ਚੌਕਸੀ ਦੇ ਬਾਵਜੂਦ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਹੁਣ ਤੱਕ ਸਮੁੱਚੇ ਜ਼ਿਲ੍ਹੇ ਵਿੱਚ ਲਗਪਗ ਸਵਾ ਲੱਖ ਘਰਾਂ ਤੇ ਹੋਰਨਾਂ ਥਾਵਾਂ ਦਾ ਸਰਵੇਖਣ ਕੀਤਾ ਗਿਆ। ਇਸ ਦੌਰਾਨ 2800 ਘਰਾਂ ਵਿੱਚ ਡੇਂਗੂ ਫੈਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਹੈ।
ਸਿਵਲ ਸਰਜਨ ਡਾ. ਮਹੇਸ਼ ਆਹੂਜਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਇਸ ਸਬੰਧੀ 922 ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਟੀਮਾਂ ਨੇ ਘਰਾਂ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਕੂਲਰਾਂ, ਫ਼ਰਿੱਜਾਂ ਦੀਆਂ ਟਰੇਆਂ, ਗਮਲਿਆਂ, ਖਾਲੀ ਟਾਇਰਾਂ, ਬਕਸਿਆਂ ਤੇ ਹੋਰ ਫ਼ਾਲਤੂ ਸਮਾਨ ਦੀ ਜਾਂਚ ਕੀਤੀ। ਇਸ ਦੌਰਾਨ 3,73,019 ਕੰਟੇਨਰ ਚੈੱਕ ਕੀਤੇ ਗਏ ਤੇ 3911 ਕੰਟੇਨਰਾਂ ’ਚੋਂ ਲਾਰਵਾ ਮਿਲਿਆ।
ਸਿਵਲ ਸਰਜਨ ਨੇ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਿਹਾ ਹੈ ਪਰ ਲੋਕਾਂ ਦੀ ਮਦਦ ਨਾਲ ਜ਼ਿਲ੍ਹੇ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕਦਾ ਹੈ।
ਮੈਡੀਕਲ ਚੈੱਕਅਪ, ਮੁਫ਼ਤ ਦਵਾਈ ਯਕੀਨੀ ਬਣਾਉਣ ਦੇ ਨਿਰਦੇਸ਼
ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਹਿਰ ਵਿੱਚ ਚੱਲ ਰਹੇ ਆਮ ਆਦਮੀ ਕਲੀਨਿਕਾਂ (ਮੁਹੱਲਾ ਕਲੀਨਿਕ) ਦੀ ਕਾਰਜਸ਼ੈਲੀ ਵਿੱਚ ਸੁਧਾਰ ਲਿਆਉਣ ਮੰਤਵ ਨਾਲ ਫੇਜ਼-5 ਸਥਿਤ ਆਮ ਆਦਮੀ ਕਲੀਨਿਕ ਦਾ ਅਚਨਚੇਤ ਨਿਰੀਖਣ ਕੀਤਾ। ਇਸ ਮੌਕੇ ਡੀਸੀ ਨੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗਿਰੀਸ਼ ਡੋਗਰਾ ਤੋਂ ਕਲੀਨਿਕ ’ਚ ਉਪਲਬਧ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਲੈਂਦਿਆਂ ਇੱਥੇ ਆਉਣ ਵਾਲੇ ਹਰ ਵਿਅਕਤੀ ਦਾ ਮੈਡੀਕਲ ਚੈੱਕਅਪ, ਮੁਫ਼ਤ ਦਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ 34 ਅਜਿਹੇ ਕਲੀਨਿਕ ਆਮ ਲੋਕਾਂ ਨੂੰ ਇਲਾਜ, ਦਵਾਈਆਂ ਤੇ ਮੈਡੀਕਲ ਲੈਬ ਟੈੱਸਟਾਂ ਦੀ ਮੁਫ਼ਤ ਸੁਵਿਧਾ ਪ੍ਰਦਾਨ ਕਰ ਰਹੇ ਹਨ। ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਕਲੀਨਿਕ ਵਿੱਚ ਦਵਾਈ ਲੈਣ ਪਹੁੰਚੇ ਲੋਕਾਂ ਨਾਲ ਵੀ ਸਿੱਧੀ ਗੱਲ ਕੀਤੀ ਅਤੇ ਉਨ੍ਹਾਂ ਤੋਂ ਕਲੀਨਿਕਾਂ ਦੀ ਕਾਰਜਸ਼ੈਲੀ ਵਿੱਚ ਹੋਰ ਹੋਣ ਵਾਲੇ ਸੁਧਾਰਾਂ ਬਾਬਤ ਵੀ ਪੁੱਛਿਆ। ਇਸ ਮੌਕੇ ਕਲੀਨਿਕ ਇੰਚਾਰਜ ਡਾ. ਪਾਰੁਲ ਗੁਗਲਾਨੀ, ਫਾਰਮੇਸੀ ਅਫ਼ਸਰ ਰੁਪਿੰਦਰ ਕੌਰ ਅਤੇ ਕਲੀਨਿਕਲ ਅਸਿਸਟੈਂਟ ਪ੍ਰਵੀਨ ਕੌਰ ਵੀ ਮੌਜੂਦ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।