Stubble Burning: ਉੱਤਰ ਭਾਰਤ ਇਸ ਵੇਲੇ ਧੂੰਏ ਦੀ ਚਾਦਰ ਵਿੱਚ ਲਿਪਟਿਆ ਹੋਇਆ ਹੈ ਜਿਸ ਲਈ ਪਰਾਲੀ ਸਾੜੇ ਜਾਣ ਨੂੰ ਵਜ੍ਹਾ ਦੱਸਿਆ ਜਾ ਰਿਹਾ ਹੈ ਜਿਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਵੀ ਪੰਜਾਬ ਦੇ ਕਿਸਾਨਾਂ ਨੂੰ ਠਹਿਰਾਇਆ ਜਾ ਰਿਹਾ ਹੈ। ਹਾਲਾਂਕਿ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ।
ਜੇ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ ਇਸ ਸਾਲ 15 ਸਤੰਬਰ ਤੋਂ 14 ਨਵੰਬਰ ਤੱਕ ਝੋਨੇ ਦੀ ਪਰਾਲੀ ਸਾੜਨ ਦੀਆਂ 8,917 ਘਟਨਾਵਾਂ ਦਰਜ ਕੀਤੀਆਂ - ਜੋ ਕਿ ਪੰਜਾਬ (7,626) ਤੇ ਹਰਿਆਣਾ (1,026) ਨਾਲੋਂ ਵੱਧ ਹਨ, ਹਾਲਾਂਕਿ ਇਸ ਬਾਰੇ ਜ਼ਿਆਦਾਤਰ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਪੰਜਾਬੋਂ ਬਾਹਰ ਦੇ ਲੀਡਰਾਂ ਨੂੰ ਸਿਰਫ਼ ਪੰਜਾਬ ਹੀ ਦਿਸਦਾ ਹੈ।
ਜ਼ਿਕਰ ਕਰ ਦਈਏ ਕਿ 14 ਨਵੰਬਰ ਤੱਕ ਸਾਹਮਣੇ ਆਏ ਅੰਕੜਿਆਂ ਵਿੱਚ ਝੋਨੇ ਦੀ ਵਾਢੀ ਦੇ ਮੌਜੂਦਾ ਸੀਜ਼ਨ ਦੌਰਾਨ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲਿਆਂ ਵਿੱਚ ਮੱਧ ਪ੍ਰਦੇਸ਼ ਪੰਜਾਬ ਨੂੰ ਪਛਾੜ ਗਿਆ ਹੈ। ਇਸ ਮਿਤੀ ਤੱਕ ਪੰਜਾਬ ਵਿੱਚ 7,626 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਮੱਧ ਪ੍ਰਦੇਸ਼ ਵਿੱਚ 8,917 ਮਾਮਲੇ ਦਰਜ ਕੀਤੇ ਗਏ ਹਨ, ਜੋ ਕਿ ਪੰਜਾਬ ਨਾਲੋਂ 14.5% ਵੱਧ ਹਨ। ਜੇ 14 ਨਵੰਬਰ ਦੀ ਗੱਲ ਕਰੀਏ ਤਾਂ ਮੱਧ ਪ੍ਰਦੇਸ਼ ਨੇ ਪਰਾਲੀ ਸਾੜਨ ਦੇ 686 ਮਾਮਲੇ ਵੇਖੇ ਜਦੋਂ ਕਿ ਪੰਜਾਬ ਵਿੱਚ ਸਿਰਫ਼ ਪੰਜ ਕੇਸ ਹਨ।
ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਕੁੱਲ 2,99,255 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਐਮਪੀ ਵਿੱਚ 55,462 ਮਾਮਲੇ ਦਰਜ ਕੀਤੇ ਗਏ ਹਨ। ਇਸ ਨੂੰ ਪੰਜਾਬ ਸਰਕਾਰ ਦੀ ਪਰਾਲੀ ਦੀ ਅੱਗ 'ਤੇ ਕਾਬੂ ਪਾਉਣ 'ਚ ਵੱਡੀ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਾਲ 14 ਨਵੰਬਰ ਤੱਕ, ਰਾਜ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ 70% ਘੱਟ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ।
ਦੱਸ ਦਈਏ ਕਿ ਪੰਜਾਬ ਹੀ ਨਹੀਂ ਗੁਆਂਢੀ ਰਾਜ ਹਰਿਆਣਾ ਵਿੱਚ ਵੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ ਤੇ ਹੁਣ ਪੰਜਾਬ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਬਾਅਦ ਚੋਟੀ ਦੇ ਪੰਜ ਰਾਜਾਂ ਵਿੱਚ ਸਭ ਤੋਂ ਹੇਠਾਂ ਹੈ।