Stubble Burning in Punjab: ਪੰਜਾਬ 'ਚ ਪਰਾਲੀ ਸਾੜਨ ਵਾਲੇ ਕਿਸਾਨਾਂ ਉਪਰ ਸਖਤ ਐਕਸ਼ਨ ਲਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਪਰਾਲੀ ਸਾੜਨ ਦੇ ਕੇਸ ਘੱਟ ਨਹੀਂ ਹੋ ਰਹੇ। ਇਸ ਵਾਰ ਹੁਣ ਤੱਕ ਪਰਾਲੀ ਸਾੜਨ ਦੇ 1500 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਨੂੰ ਵੇਖਦਿਆਂ ਸਰਕਾਰ ਵੀ ਸਖਤ ਹੋ ਗਈ ਹੈ। ਹੁਣ ਤੱਕ 136 ਕਿਸਾਨਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ 10 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ।



ਹਾਸਲ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਪਰਾਲੀ ਸਾੜਨ ਦੇ 65 ਨਵੇਂ ਮਾਮਲਿਆਂ ਨਾਲ ਕੁੱਲ ਗਿਣਤੀ 1510 ਤੱਕ ਪਹੁੰਚ ਗਈ ਹੈ। ਦੂਜੇ ਪਾਸੇ ਇਸ ਸੀਜ਼ਨ 'ਚ ਹੁਣ ਤੱਕ 383 ਰੈੱਡ ਐਂਟਰੀਆਂ ਹੋਈਆਂ ਹਨ ਜਦਕਿ ਪਰਾਲੀ ਸਾੜਨ ਦੇ ਦੋਸ਼ 'ਚ 136 ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 384 ਕਿਸਾਨਾਂ ਨੂੰ 10 ਲੱਖ 20 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਸਰਕਾਰ ਨੇ 8 ਲੱਖ 85 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲ ਵੀ ਲਿਆ ਹੈ।

Read MOre: Lawrence Bishnoi: 'ਜਿਹੜਾ ਪੁਲਿਸ ਕਰਮਚਾਰੀ ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰੇਗਾ, ਉਸ ਨੂੰ...', ਕਰਣੀ ਸੈਨਾ ਦਾ ਵੱਡਾ ਐਲਾਨ




ਪੰਜਾਬ ਵਿੱਚ ਲਗਾਤਾਰ ਪਰਾਲੀ ਸਾੜਨ ਕਾਰਨ ਛੇ ਸ਼ਹਿਰਾਂ ਦਾ AQI ਸੋਮਵਾਰ ਨੂੰ ਯੈਲੋ ਜ਼ੋਨ ਵਿੱਚ ਰਿਹਾ। ਇਨ੍ਹਾਂ ਵਿੱਚੋਂ ਸਭ ਤੋਂ ਵੱਧ AQI 156 ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਜਲੰਧਰ ਦਾ AQI 131, ਖੰਨਾ ਦਾ 150, ਮੰਡੀ ਗੋਬਿੰਦਗੜ੍ਹ ਦਾ 136, ਪਟਿਆਲਾ ਦਾ 115 ਤੇ ਬਠਿੰਡਾ ਦਾ 84 ਦਰਜ ਕੀਤਾ ਗਿਆ। ਬਠਿੰਡਾ ਨੂੰ ਛੱਡ ਕੇ ਬਾਕੀ ਸਾਰੇ ਸ਼ਹਿਰਾਂ ਦਾ AQI ਮੱਧਮ ਸ਼੍ਰੇਣੀ ਵਿੱਚ ਹੈ।



ਸੋਮਵਾਰ ਨੂੰ ਪਰਾਲੀ ਸਾੜਨ ਦੇ 65 ਨਵੇਂ ਮਾਮਲਿਆਂ ਵਿੱਚੋਂ ਸਭ ਤੋਂ ਵੱਧ 15 ਤਰਨ ਤਾਰਨ ਜ਼ਿਲ੍ਹੇ ਵਿੱਚ ਸਾਹਮਣੇ ਆਏ। ਫ਼ਿਰੋਜ਼ਪੁਰ ਵਿੱਚ ਪਰਾਲੀ ਸਾੜਨ ਦੇ 14, ਸੰਗਰੂਰ ਵਿੱਚ ਅੱਠ, ਪਟਿਆਲਾ ਵਿੱਚ ਸੱਤ, ਰੂਪਨਗਰ, ਮਾਨਸਾ, ਫਰੀਦਕੋਟ ਤੇ ਕਪੂਰਥਲਾ ਵਿੱਚ ਦੋ-ਦੋ, ਐਸਏਐਸ ਨਗਰ, ਜਲੰਧਰ, ਫਾਜ਼ਿਲਕਾ ਤੇ ਬਰਨਾਲਾ ਵਿੱਚ ਇੱਕ-ਇੱਕ ਕੇਸ ਤੇ ਫਤਿਹਗੜ੍ਹ ਸਾਹਿਬ ਵਿੱਚ ਪੰਜ ਕੇਸ ਸਾਹਮਣੇ ਆਏ। ਪੰਜਾਬ ਵਿੱਚ ਸਾਲ 2022 ਵਿੱਚ ਇਸ ਦਿਨ ਪਰਾਲੀ ਸਾੜਨ ਦੇ 393 ਤੇ ਸਾਲ 2023 ਵਿੱਚ 146 ਮਾਮਲੇ ਸਾਹਮਣੇ ਆਏ ਸਨ। ਜੇਕਰ ਕੁੱਲ ਮਾਮਲਿਆਂ 'ਤੇ ਨਜ਼ਰ ਮਾਰੀਏ ਤਾਂ 15 ਸਤੰਬਰ ਤੋਂ ਹੁਣ ਤੱਕ ਸਾਲ 2022 'ਚ 3114 ਤੇ ਸਾਲ 2023 'ਚ 1764 ਮਾਮਲੇ ਸਾਹਮਣੇ ਆਏ ਹਨ। ਇਸ ਸਾਲ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲੇ 1510 ਤੱਕ ਪਹੁੰਚ ਗਏ ਹਨ।



ਹਾਸਲ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਹੁਣ ਤੱਕ ਪਰਾਲੀ ਸਾੜਨ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇੱਥੇ ਕੁੱਲ 438 ਮਾਮਲੇ ਸਾਹਮਣੇ ਆਏ ਹਨ। ਤਰਨ ਤਾਰਨ 'ਚ 311, ਸੰਗਰੂਰ 'ਚ 138, ਮਲੇਰਕੋਟਲਾ 'ਚ 25, ਬਰਨਾਲਾ 'ਚ 9, ਬਠਿੰਡਾ 'ਚ 6, ਫਤਿਹਗੜ੍ਹ ਸਾਹਿਬ 'ਚ 37, ਫ਼ਿਰੋਜ਼ਪੁਰ 'ਚ 110, ਗੁਰਦਾਸਪੁਰ 'ਚ 47, ਕਪੂਰਥਲਾ 'ਚ 66, ਲੁਧਿਆਣਾ ਤੇ ਮਾਨਸਾ 'ਚ 27-27, ਪਟਿਆਲਾ 'ਚ 188 ਮਾਮਲੇ ਸਾਹਮਣੇ ਆਏ ਹਨ।