ਅੰਮ੍ਰਿਤਸਰ: ਭਾਰਤ-ਪਾਕਿਸਤਾਨ ਸਰਹੱਦਾਂ ਦੇ ਜਰੀਏ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।ਇਕ ਹੋਰ ਅਜਿਹੀ ਕੋਸ਼ਿਸ਼ ਅੱਜ ਉਸ ਵੇਲੇ ਨਾਕਾਮ ਹੋ ਗਈ ਜਦੋਂ ਅਟਾਰੀ-ਵਾਗਹਾ ਬਾਡਾਰ ਉੱਤੇ ਕਸਟਮ ਵਿਭਾਗ ਦੀ ਟੀਮ ਨੇ 700 ਕਰੋੜ ਰੁਪਏ ਦੇ ਕਰੀਬ ਦੀ ਹੈਰੋਇਨ ਬਰਾਮਦ ਕਰ ਲਈ।


ਅਫਗਾਨਿਸਤਾਨ ਤੋਂ ਮੁਲੱਠੀ ਦੀ ਆੜ 'ਚ ਸਪਲਾਈ ਕੀਤੀ ਜਾ ਰਹੀ ਇਹ ਹੈਰੋਇਨ ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਨੇ ਬਰਾਮਦ ਕੀਤੀ ਹੈ। ਬਰਾਮਦ ਹੋਈ 102 ਕਿਲੋ ਹੈਰੋਇਨ ਮੁਲੱਠੀ ਦੀਆਂ 340 ਬੋਰੀਆਂ ਵਿੱਚ ਭੇਜੀ ਗਈ ਸੀ। ਹੈਰੋਇਨ ਦੀ ਖੁਦ ਜਾਂਚ ਕਰਨ 'ਚ ਕਸਟਮ ਵਿਭਾਗ ਦੀ ਟੀਮ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਮੁੱਢਲੀ ਜਾਂਚ ਵਿੱਚ ਤਸਕਰੀ ਦੀਆਂ ਤਾਰਾਂ ਅੰਮ੍ਰਿਤਸਰ ਅਤੇ ਦਿੱਲੀ ਨਾਲ ਜੁੜੀਆਂ ਦੱਸੀਆਂ ਜਾ ਰਹੀਆਂ ਹਨ। ਫਿਲਹਾਲ ਵਿਭਾਗ ਨੇ ਸਾਰਾ ਸਾਮਾਨ ਬਰਾਮਦ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਪਾਕਿਸਤਾਨ ਅਤੇ ਅਫਗਾਨਿਸਤਾਨ ਨਾਲ ਵਪਾਰ ਲਈ ਅਟਾਰੀ ਸਰਹੱਦ 'ਤੇ ਇੰਟੈਗਰੇਟਿਡ ਚੈਕਪੋਸਟ (ਆਈਸੀਪੀ) ਬਣਾਈ ਗਈ ਹੈ। ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ਦੀ ਅਲੀਮ ਨਜ਼ੀਰ ਕੰਪਨੀ ਨੇ 340 ਬੋਰੀਆਂ 'ਚ ਮੁਲੱਠੀ ਦੀ ਸਪਲਾਈ ਚੈੱਕ ਪੋਸਟ 'ਤੇ ਭੇਜੀ ਸੀ। ਇਹ ਖੇਪ ਇੱਥੇ ਟਰਾਂਸਪੋਰਟ ਖੇਰ ਏਜੰਸੀ ਦੇ ਸ਼ਿਨਵਾੜੀ ਕੋਟਲਾ ਵਾਸੀ ਕਯੂਮ ਉੱਲਾ ਵੱਲੋਂ ਪਹੁੰਚਾਈ ਗਈ ਸੀ।


ਟਰਾਂਸਪੋਰਟ ਕੰਪਨੀ ਦੀ ਗੱਡੀ 22 ਅਪ੍ਰੈਲ ਨੂੰ ਹੀ 340 ਬੋਰੀਆਂ ਉਤਾਰ ਕੇ ਵਾਪਸ ਚਲੀ ਗਈ ਸੀ। ਸਾਰੀ ਖੇਪ ਕਾਰਗੋ ਟਰਮੀਨਲ ਦੇ ਗੋਦਾਮ ਨੰਬਰ 2 ਵਿੱਚ ਰੱਖੀ ਗਈ ਸੀ। 23 ਅਪਰੈਲ ਨੂੰ ਜਾਂਚ ਦੌਰਾਨ ਕਸਟਮ ਵਿਭਾਗ ਨੇ ਬੋਰੀ ਖੋਲ੍ਹੀ ਤਾਂ ਉਸ ਵਿੱਚੋਂ ਮੁਲੱਠੀ ਸਮੇਤ ਹੈਰੋਇਨ ਦੀ ਖੇਪ ਮਿਲੀ। ਕਸਟਮ ਵਿਭਾਗ ਨੂੰ ਪੂਰੀ ਖੇਪ ਦੀ ਜਾਂਚ ਕਰਨ ਵਿੱਚ 24 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਾ। ਸਾਰੀ ਰਾਤ ਕਸਟਮ ਨੇ 340 ਬੋਰੀਆਂ ਦੀ ਚੈਕਿੰਗ ਕੀਤੀ।


ਚੈੱਕ ਪੋਸਟ ’ਤੇ ਹੈਰੋਇਨ ਸਮੱਗਲਿੰਗ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ।ਇਸ ਤੋਂ ਪਹਿਲਾਂ 29 ਜੂਨ 2019 ਨੂੰ ਪਾਕਿਸਤਾਨ ਤੋਂ ਦਰਾਮਦ ਕੀਤੀ ਲੂਣ ਦੀ ਖੇਪ ’ਚੋਂ ਕਸਟਮ ਵਿਭਾਗ ਨੇ 532 ਕਿੱਲੋ ਹੈਰੋਇਨ ਅਤੇ 52 ਕਿੱਲੋ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਸਨ, ਜਿਸ ਦਾ ਮੁੱਖ ਦੋਸ਼ੀ ਰਣਜੀਤ ਸਿੰਘ ਉਰਫ਼ ਚੀਤਾ ਹੈ, ਜੋ ਫਿਲਹਾਲ ਜੇਲ੍ਹ ’ਚ ਬੰਦ ਹੈ। ਜਿਸ ਤਰੀਕੇ ਨਾਲ ਇਸ ਵਾਰ ਮੁਲੱਠੀ ਜ਼ਰੀਏ ਹੈਰੋਇਨ ਫੜੀ ਗਈ ਹੈ, ਉਹ ਤਰੀਕਾ ਵੀ 532 ਕਿੱਲੋ ਹੈਰੋਇਨ ਵਰਗਾ ਹੀ ਮੰਨਿਆ ਜਾ ਰਿਹਾ।