ਅੰਮ੍ਰਿਤਸਰ: ਲੰਘੀ 4 ਨਵੰਬਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਦੋ ਦਿਨ ਪਹਿਲਾਂ ਭਾਰਤ ਤੋਂ ਪਾਕਿਸਤਾਨ ਸਥਿਤ ਗੁਰਦਵਾਰਾ ਨਨਕਾਣਾ ਸਾਹਿਬ ਅਤੇ ਹੋਰ ਇਤਿਹਾਸਿਕ ਅਸਥਾਨਾਂ ਦੇ ਦਰਸ਼ਨਾਂ ਲਈ ਗਿਆ ਜੱਥਾ ਅੱਜ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਭਾਰਤ ਵਾਪਿਸ ਪਰਤ ਆਇਆ ਹੈ। ਜੱਥੇ ਵਿੱਚ ਗਏ ਲੋਕਾਂ ਨੇ ਪਾਕਿਸਤਾਨ ਸਥਿਤ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਤੋਂ ਬਾਅਦ ਆਪਣੇ ਮਨ ਦੀ ਖੁਸ਼ੀ ਦਾ ਇਜ਼ਹਾਰ ਕੀਤਾ।

ਇੱਕ ਅੰਦਾਜ਼ੇ ਮੁਤਾਬਕ ਤਕਰੀਬਨ 3 ਕੁ ਹਜ਼ਾਰ ਸਿੱਖ ਵੱਖ-ਵੱਖ ਜੱਥਿਆਂ ਰਾਹੀਂ ਨਨਕਾਣਾ ਸਾਹਿਬ ਪਹੁੰਚੇ ਸਨ। ਇਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਤਕਰੀਬਨ 900 ਸਿੱਖਾਂ ਨੇ ਵੀਜ਼ਾ ਹਾਸਲ ਕੀਤੇ ਸਨ।



ਅੱਜ ਸਵੇਰੇ 11 ਵਜੇ ਦੇ ਕਰੀਬ ਪਹਿਲੀ ਵਿਸ਼ੇਸ਼ ਰੇਲ ਗੱਡੀ ਪਾਕਿਸਤਾਨ ਦੇ ਵਾਘਾ ਰੇਲਵੇ ਸਟੇਸ਼ਨ ਤੋਂ ਭਾਰਤੀ ਸ਼ਰਧਾਲੂਆਂ ਨੂੰ ਲੈ ਕੇ ਅਟਾਰੀ ਰੇਲਵੇ ਸਟੇਸ਼ਨ ਪੁੱਜੀ। ਜਿਓਂ ਹੀ ਰੇਲ ਗੱਡੀ ਸਟੇਸ਼ਨ ਦੇ ਪਲੇਟਫਾਰਮ 'ਤੇ ਆਈ ਤਾਂ ਗੱਡੀ 'ਚ ਬੈਠੇ ਸਜਰਧਾਲੂਆਂ ਨੇ 'ਬੋਲੇ ਸੋ ਨਿਹਾਲ' ਦੇ ਜੈਕਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋ ਹੋਰ ਰੇਲ ਗੱਡੀਆਂ ਸ਼ਰਧਾਲੂਆਂ ਨੂੰ ਲੈ ਕੇ ਅਟਾਰੀ ਰੇਲਵੇ ਸਟੇਸ਼ਨ ਪੁੱਜੀਆਂ।

ਜੱਥੇ ਵਿੱਚ ਸ਼ਾਮਲ ਔਰਤਾਂ ਬੱਚਿਆਂ ਅਤੇ ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਦੀ ਬੜੇ ਚਿਰਾਂ ਤੋਂ ਰੀਝ ਸੀ ਕਿ ਉਹ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਤੇ ਅੱਜ ਉਨ੍ਹਾਂ ਨੂੰ ਇਹ ਰੀਝ ਪੁਰੀ ਹੋਣ 'ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਲੋਕਾਂ ਨੇ ਦੱਸਿਆ ਕਿ ਉਥੇ ਜਾ ਕੇ ਉਨ੍ਹਾਂ ਨੇ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਅਤੇ ਕਈ ਹੋਰ ਗੁਰਧਾਮਾਂ ਦੇ ਦਰਸ਼ਨ ਕੀਤੇ ਅਤੇ ਗੁਰੂ ਦੇ ਚਰਨਾਂ ਵਿਚ ਹਾਜ਼ਰੀ ਲਗਵਾਈ।