ਚੰਡੀਗੜ੍ਹ: ਦੇਸ਼ ਦੇ ਨਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਚਮਕਾਉਣ ਵਾਲੀ ਨਵਜੋਤ ਕੌਰ ਨੂੰ ਅੱਜ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੂੰ ਉਪ ਪੁਲਿਸ ਕਪਤਾਨ ਦਾ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਪੰਜ ਲੱਖ ਦੀ ਇਨਾਮੀ ਰਾਸ਼ੀ ਵੀ ਪ੍ਰਦਾਨ ਕੀਤੀ।

ਨਵਜੋਤ ਕੌਰ ਨੇ ਬੀਤੇ ਦਿਨੀਂ ਰੂਸ ਦੇ ਕਿਰਗਿਸਤਾਨ ਕਿਰਗੀਸਤਾਨ ਦੇ ਬਿਸ਼ਕੇਕ ‘ਚ ਖੇਡੀ ਜਾ ਰਹੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜਿੱਤਿਆ ਸੀ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਨਵਜੋਤ ਨੇ 65 ਕਿਲੋਗ੍ਰਾਮ ਵਰਗ ‘ਚ ਸੋਨ ਤਗ਼ਮਾ ਜਿੱਤਿਆ। ਨਵਜੋਤ ਨੇ ਫਾਈਨਲ ਮੁਕਾਬਲੇ ‘ਚ ਜਾਪਾਨੀ ਮਹਿਲਾ ਪਹਿਲਵਾਨ ਮੀਯੂ ਈਮਾਈ ਨੂੰ 9-1 ਨਾਲ ਮਾਤ ਦਿੱਤੀ ਤੇ ਪੁਰਾਣੀ ਹਾਰ ਦਾ ਬਦਲਾ ਵੀ ਲੈ ਲਿਆ ਸੀ। ਇਸ ਉਪਲਬਧੀ ਨਾਲ ਨਵਜੋਤ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣੀ ਸੀ।



ਇਸ ਤੋਂ ਪਹਿਲਾਂ ਅੱਜ ਦੁਪਹਿਰ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਨਵਜੋਤ ਕੌਰ ਨੂੰ ਅੰਮ੍ਰਿਤਸਰ ਦੇ ਕਾਲਜ ‘ਚ ਚੱਲ ਰਹੇ ਸਮਾਗਮ ਦੌਰਾਨ ਬਾਬਾ ਸਾਹਿਬ ਅੰਬੇਡਕਰ ਐਵਾਰਡ ਨਾਲ ਸਨਮਾਨਤ ਕਰਦੇ ਇੱਕ ਲੱਖ ਨਕਦ ਇਨਾਮ ਵੀ ਦਿੱਤਾ। ਵੇਰਕਾ ਨੇ ਕਿਹਾ ਕਿ ਪੰਜਾਬ ਦੀ ਧੀ ਨੇ ਦੁਨੀਆਂ ਭਰ ‘ਚ ਆਪਣੇ ਦੇਸ਼ ਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਸਰਕਾਰ ਉਸ ਦਾ ਉਤਸ਼ਾਹ ਵਧਾਉਣ ‘ਚ ਯੋਗਦਾਨ ਪਾਵੇਗੀ।

ਨਵਜੋਤ ਨੇ ਕਿਹਾ ਕਿ ਉਸ ਦਾ ਸਨਮਾਨ ਉਸ ਦੀ ਆਸ ਨਾਲੋਂ ਵੱਧ ਕੀਤਾ ਗਿਆ ਹੈ। ਹਾਲਾਂਕਿ ਅਜੇ ਉਹ ਆਪਣੀ ਖੇਡ ਵੱਲ ਹੀ ਆਪਣਾ ਪੂਰਾ ਧਿਆਨ ਲਾਵੇਗੀ। ਨਵਜੋਤ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੀਆਂ ਨੌਜਵਾਨ ਕੁੜੀਆਂ ਨੂੰ ਕੁਸ਼ਤੀ ਦੀ ਟ੍ਰੇਨਿੰਗ ਵੀ ਦੇਵੇਗੀ ਤਾਂ ਕਿ ਉਹ ਪੰਜਾਬ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ।

ਨਵਜੋਤ ਨੇ ਆਪਣੀ ਇੱਛਾ ਪੰਜਾਬ ਪੁਲਿਸ ‘ਚ ਨੌਕਰੀ ਕਰਨ ਲਈ ਜਤਾਈ ਸੀ, ਜੋ ਪੂਰੀ ਹੋ ਗਈ ਹੈ। ਨਵਜੋਤ ਨੇ ਕਿਹਾ ਸੀ ਕਿ ਕਿਸੇ ਹੋਰ ਨੌਕਰੀ ਨਾਲੋਂ ਉਸ ਨੂੰ ਪੰਜਾਬ ਪੁਲਿਸ ਦਾ ਡੀਐਸਪੀ ਦਾ ਅਹੁਦਾ ਦਿੱਤਾ ਜਾਵੇ ਕਿਉਂਕਿ ਉਹ ਇਸ ਦੀ ਹੱਕਦਾਰ ਹੈ।