ਲੁਧਿਆਣਾ: ਅੱਜ ਵੀ ਪੁਲਿਸ ਮਹਿਕਮੇ ਵਿੱਚ ਮਹਿਲਾ ਮੁਲਾਜ਼ਮਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਹ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀਆਂ ਹਨ। ਕੌਮਾਂਤਰੀ ਮਹਿਲਾ ਦਿਵਸ ਮੌਕੇ ਮਹਿਲਾ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਰੱਖੀ ਸੂਬਾ ਪੱਧਰੀ ਕਾਨਫ਼ਰੰਸ 'ਚ ਪੰਜਾਬ ਪੁਲਿਸ ਦੇ ਆਈ.ਜੀ. ਗੁਰਪ੍ਰੀਤ ਦਿਓ ਨੇ ਇਹ ਗੱਲ ਕਹੀ ਹੈ। ਇਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਲਈ ਸੂਬੇ ਭਰ ਤੋਂ ਪੁਲਿਸ ਮੁਲਾਜ਼ਮ ਆਏ ਹੋਏ ਸਨ।
ਉਨ੍ਹਾਂ ਕਿਹਾ ਕਿ ਅੱਜ ਦੁਨੀਆ ਅੱਗੇ ਵਧ ਰਹੀ ਹੈ ਤੇ ਸਾਨੂੰ ਵੀ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਤਿਕਾਰ ਦੇਣ ਤੋਂ ਬਿਨਾਂ ਕੋਈ ਵੀ ਸਮਾਜ ਅੱਗੇ ਨਹੀਂ ਵਧ ਸਕਦਾ। ਦਿਓ ਨੇ ਇਹ ਵੀ ਕਿਹਾ ਕਿ ਅੱਧੀ ਅਬਾਦੀ ਔਰਤਾਂ ਦੇ ਮਰਦ ਨਾਲ ਚੱਲੇ ਤੋਂ ਬਿਨਾਂ ਸਾਡੇ ਸਮਾਜ ਦੀ ਤਰੱਕੀ ਨਹੀਂ ਹੋਵੇਗੀ।
ਪੰਜਾਬ 'ਚ ਪਿਛਲੇ ਸਮੇਂ 'ਚ ਬਹੁਤ ਸਾਰੇ ਮਹਿਲਾ ਪੁਲਿਸ ਕਰਮੀਆਂ ਦੇ ਯੋਨ ਸੋਸ਼ਣ ਦੇ ਮਾਮਲੇ ਸਾਹਮਣੇ ਆਏ ਹਨ ਤੇ ਇੱਕ ਦੋ ਥਾਵਾਂ 'ਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਖ਼ੁਦਕੁਸ਼ੀ ਵੀ ਕਰ ਲਈ ਸੀ। ਇਸ ਦੇ ਨਾਲ ਹੀ ਅਫਸਰਾਂ ਖ਼ਿਲਾਫ ਸਰੀਰਕ ਸੋਸ਼ਣ ਨੂੰ ਲੈ ਕੇ ਸ਼ਿਕਾਇਤਾਂ ਵੀ ਆਈਆਂ ਸਨ।