ਮੋਗਾ: ਲੰਮੇ ਸਮੇਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਮੰਚ ਤੇ ਇੱਕਠੇ ਦਿੱਖਾਈ ਦਿੱਤੇ। ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ 'ਚ ਆਪਣੇ ਤਿੰਨ ਦਿਨਾਂ ਦੌਰੇ ਦਾ ਆਗਾਜ਼ ਕੀਤਾ। ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਰਾਹੁਲ ਤਿੰਨ ਦਿਨ ਪੰਜਾਬ 'ਚ ਰੈਲੀਆਂ ਕਰਨਗੇ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਡੇ ਪੱਧਰ 'ਤੇ ਖੇਤੀ ਕਾਨੂੰਨ ਖਿਲਾਫ ਪੰਜਾਬ 'ਚ ਟਰੈਕਟਰ ਰੈਲੀ ਕਰਨ ਜਾ ਰਹੇ ਹਨ। ਇਸ ਤਹਿਤ ਸ਼ੁਰੂਆਤ ਮੋਗਾ ਜ਼ਿਲ੍ਹੇ ਤੋਂ ਕੀਤੀ ਗਈ। ਕਾਂਗਰਸ ਦੀ ਰੈਲੀ ਚਾਰ ਤੋਂ ਛੇ ਅਕਤੂਬਰ ਤਕ ਚੱਲੇਗੀ।


ਇਸ ਮੌਕੇ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕੀਤਾ। ਸਿੱਧੂ ਨੇ ਕੇਂਦਰ ਸਰਕਾਰ ਖਿਲਾਫ ਬੋਲਦੇ ਹੋਏ ਕਿਹਾ, "ਪੰਜਾਬ ਹਮੇਸ਼ਾਂ ਰੱਜਿਆ ਪੁੱਜਿਆ ਸੀ, ਪੰਜਾਬ ਨੂੰ ਕੋਈ ਹਰੀ ਕ੍ਰਾਂਤੀ ਦੀ ਲੋੜ ਨਹੀਂ ਸੀ। ਦੇਸ਼ ਨੂੰ ਚਾਹੀਦੀ ਸੀ ਹਰੀ ਕ੍ਰਾਂਤੀ, ਇਸ ਦੇਸ਼ ਲਈ ਅੰਨ ਪੈਦਾ ਕਰ ਕਰ ਦੇਸ਼ ਦਾ ਅੰਨ ਦਾਤਾ ਬਣਿਆ ਹੈ ਪੰਜਾਬ ਦਾ ਕਿਸਾਨ ਤੇ ਕੇਂਦਰ ਸਰਕਾਰ ਅਹਿਸਾਨਫਰਾਮੋਸ਼ ਹੋ ਗਈ ਹੈ।"



ਉਨ੍ਹਾਂ ਕਿਹਾ ਕਿ "ਕੇਂਦਰ ਸਰਕਾਰ ਸਾਰਾ ਕੁਝ ਕਾਰਪੋਰੇਟਾਂ ਦੇ ਹੱਥ ਦੇ ਰਹੀ ਹੈ। ਇਹ ਦੇਸ਼ ਦੇ ਸੰਘੇ ਢਾਂਚੇ ਤੇ ਹਮਲਾ ਹੈ। ਕੇਂਦਰ ਸਰਕਾਰ ਕਿਸਾਨ ਦੇ ਹੱਕ ਖੋਹ ਰਹੀ ਹੈ। ਇਹ ਅਮਰੀਕਾ ਤੇ ਹੋਰ ਦੇਸ਼ਾਂ ਦਾ ਅਸਫਲ ਸਿਸਟਮ ਹੈ ਜਿਸ ਨੂੰ ਸਾਡੇ ਤੇ ਲਾਗੂ ਕੀਤੀ ਜਾ ਰਿਹਾ ਹੈ। ਇਹ ਦੇਸ਼ ਪੂਰੀ ਤਰਾਂ ਕਾਰਪੋਰੇਟ ਘਰਾਣਿਆਂ ਵੱਲੋਂ ਚਲਾਇਆ ਜਾ ਰਿਹਾ ਹੈ। ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ।"





ਸਿੱਧੂ ਨੇ ਕਿਹਾ, "ਉਹ ਸਾਨੂੰ ਹਰਿਆਣਾ 'ਚ ਦਾਖਲ ਹੋਣ ਤੋਂ ਰੋਕ ਰਹੇ ਹਨ। ਸਾਡੇ ਤੇ ਪਾਣੀ ਦੀਆਂ ਬੌਛਾੜਾਂ ਮਾਰੀਆਂ ਜਾਂਦੀਆਂ ਹਨ। ਇੱਕ ਗੱਲ ਮੈਂ ਵੀ ਕਹਿੰਦਾ ਹੈ ਕਿ ਪੰਜਾਬ ਵੀ ਅੰਬਾਨੀ ਤੇ ਅਡਾਨੀ ਨੂੰ ਪੰਜਾਬ 'ਚ ਦਾਖਲ ਹੋਣ ਨਹੀਂ ਦੇਵੇਗਾ।

ਸਾਬਕਾ ਕੈਬਨਿਟ ਮੰਤਰੀ ਨੇ ਕਿਹਾ, "ਮੈਂ ਸੋਨੀਆ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਸੋਨੀਆ ਗਾਂਧੀ ਜੀ ਨੇ ਸਾਰੇ ਮੁੱਖ ਮੰਤਰੀਆਂ ਨੂੰ ਆਰਟੀਕਲ 254 ਤਹਿਤ ਸੈਸ਼ਨ ਬੁਲਾਉਣ ਲਈ ਕਿਹਾ ਹੈ। ਮੈਂ ਕਹਿੰਦਾ ਹਾਂ ਕਿ ਸੈਸ਼ਨ ਬੁਲਾਓ, ਸਾਨੂੰ ਲੜਨਾ ਚਾਹੀਦਾ ਹੈ। ਸੂਬੇ ਨੂੰ ਆਪਣੇ ਹੱਕਾਂ ਲਈ ਲੜਨਾ ਪਵੇਗਾ।



ਇਹ ਰਹੇਗਾ ਕਾਂਗਰਸ ਦੀ ਰੈਲੀ ਦਾ ਰੋਡਮੈਪ:
4 ਅਕਤੂਬਰ: ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਬੱਧਨੀ ਕਲਾਂ 'ਚ ਸਵੇਰ 11 ਵਜੇ ਜਨਤਕ ਮੀਟਿੰਗ ਨਾਲ ਰੋਡ ਸ਼ੋਅ ਦੀ ਸ਼ੁਰੂਆਤ ਹੋਵੇਗੀ। ਇਸ ਤੋਂ ਬਾਅਦ ਜਗਰਾਓਂ, ਚਕਰ, ਲਕਖਾ ਤੇ ਮਾਣੂਕੇ ਹੁੰਦਿਆਂ ਰਾਏਕੋਟ ਦੇ ਜਟਪੁਰਾ 'ਚ ਇੱਕ ਜਨਤਕ ਮੀਟਿੰਗ ਨਾਲ ਸਮਾਪਤੀ ਹੋਵੇਗੀ।
5 ਅਕਤੂਬਰ: ਰੋਡ ਸ਼ੋਅ ਦੀ ਸ਼ੁਰੂਆਤ ਬਰਨਾਲਾ ਚੌਕ, ਸੰਗਰੂਰ ਤੋਂ ਹੋਵੇਗੀ। ਇੱਥੋਂ ਰਾਹੁਲ ਗਾਂਧੀਕਾਰ ਰਾਹੀਂ ਭਵਾਨੀਗੜ ਜਾਣਗੇ। ਇਸ ਤੋਂ ਬਾਅਦ ਫਤਹਿਗੜ੍ਹ ਛੰਨਾ ਤੇ ਬੰਮਨਾ ਵਿੱਚ ਪ੍ਰੋਗਰਾਮ ਹੈ। ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੀ ਅਨਾਜ ਮੰਡੀ 'ਚ ਜਨਤਕ ਇਕੱਠ ਚ ਰਾਹੁਲ ਗਾਂਧੀ ਸ਼ਾਮਲ ਹੋਣਗੇ।
6 ਅਕਤੂਬਰ: ਪਟਿਆਲਾ ਦੇ ਦੂਧਨ ਸਾਧਾਂ 'ਚ ਹੋਣ ਵਾਲੀ ਜਨਤਕ ਰੈਲੀ 'ਚ ਰਾਹੁਲ ਗਾਂਧੀ ਕਿਸਾਨਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪੇਹਵਾ ਤੋਂ ਹੁੰਦਿਆਂ ਹੋਇਆ ਕਾਂਗਰਸ ਦੀ ਰੈਲੀ ਹਰਿਆਣਾ 'ਚ ਦਾਖਲ ਹੋਵੇਗੀ।