Patiala News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਕਾਂਗਰਸ ਛੱਡਣ ਦੀਆਂ ਸਾਰੀਆਂ ਅਟਕਲਾਂ ਦਾ ਖੰਡਨ ਕਰਦਿਆਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸਿੱਧੂ ਨੇ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਝੂਠ ਕਰਾਰ ਦਿੱਤਾ ਹੈ। ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਚੋਲਾ ਦੱਸਦਿਆਂ ਕੇਂਦਰੀ ਮੰਤਰੀਆਂ ਨਾਲ ਮਿਲੀਭੁਗਤ ਦੇ ਦੋਸ਼ ਵੀ ਲਾਏ ਹਨ।


ਸਿੱਧੂ ਨੇ ਕਿਹਾ ਕਿ ਅੱਜ ਕਿਸਾਨ ਆਪਣੇ ਉਪਰ ਹੁੰਦੇ ਜ਼ੁਲਮ ਨੂੰ ਸੜਕਾਂ 'ਤੇ ਲੈ ਕੇ ਆਏ ਹਨ। ਕੇਂਦਰ ਨੇ ਸਾਡੇ ਨਾਲ ਧੱਕਾ ਕੀਤਾ ਹੈ। ਖਾਣ ਵਾਲਾ ਤੇਲ ਜੋ ਪਹਿਲਾਂ 77 ਰੁਪਏ ਲੀਟਰ ਸੀ, ਹੁਣ 210 ਰੁਪਏ ਹੋ ਗਿਆ ਹੈ। ਮਤਲਬ ਇਹ 130 ਫੀਸਦੀ ਮਹਿੰਗਾ ਹੋ ਗਿਆ ਹੈ। ਸਰ੍ਹੋਂ ਦਾ ਤੇਲ ਡਬਲ ਤੋਂ ਉੱਪਰ ਚਲਾ ਗਿਆ ਹੈ। ਗੈਸ ਸਿਲੰਡਰ ਦੀ ਕੀਮਤ 300 ਰੁਪਏ ਤੋਂ ਵਧ ਕੇ 1100 ਰੁਪਏ ਹੋ ਗਈ ਹੈ।


ਪੈਟਰੋਲ-ਡੀਜ਼ਲ, ਜਿਸ 'ਤੇ ਸਾਰੀਆਂ ਚੀਜ਼ਾਂ ਦੇ ਰੇਟਾਂ 'ਚ ਵਾਧਾ ਜਾਂ ਕਮੀ ਨਿਰਭਰ ਕਰਦੀ ਹੈ, ਲਗਾਤਾਰ ਵਧ ਮਹਿੰਗਾ ਹੋ ਰਿਹਾ ਹੈ। ਡਾ. ਮਨਮੋਹਨ ਸਿੰਘ ਦੇ ਸਮੇਂ ਇਸ 'ਤੇ ਕੰਟਰੋਲ ਸੀ। 2013 ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ 38 ਰੁਪਏ ਸੀ ਤੇ ਹੁਣ 6 ਸਾਲਾਂ ਵਿੱਚ 90 ਰੁਪਏ ਤੋਂ ਉੱਪਰ ਹੋ ਗਈ।


ਇਹ ਵੀ ਪੜ੍ਹੋ: Farmers Protest: ਹਰਿਆਣਾ ਦੇ ਕਿਸਾਨ ਵੀ ਹੋ ਗਏ ਇੱਕਜੁੱਟ, ਬੋਲੇ...ਪੰਜਾਬ ਵਾਲੇ ਦਿੱਲੀ ਆ ਜਾਣ, ਟਰੈਕਟਰਾਂ ਦਾ ਪ੍ਰਬੰਧ ਹੋ ਜਾਏਗਾ


ਕਿਸਾਨਾਂ ਦੀ ਆਮਦਨ 1400 ਰੁਪਏ ਤੋਂ ਵਧ ਕੇ 1800 ਰੁਪਏ ਹੋ ਗਈ। ਫਸਲਾਂ ਦੀ ਐਮਐਸਪੀ ਦੀ ਗੱਲ ਕਰੀਏ ਤਾਂ ਇੱਕ ਸਾਲ ਬਾਅਦ ਇਸ ਵਿੱਚ 40 ਰੁਪਏ ਤੇ ਚੋਣ ਸਾਲ ਵਿੱਚ 400 ਰੁਪਏ ਦਾ ਵਾਧਾ ਕੀਤਾ ਜਾਂਦਾ ਹੈ। ਜੇਕਰ ਖਾਦ ਦੀ ਗੱਲ ਕਰੀਏ ਤਾਂ ਇਸਦੇ ਰੇਟ 30 ਫੀਸਦੀ ਵਧਾ ਦਿੱਤੇ ਗਏ। ਖਾਦਾਂ ਵੀ ਬਾਜ਼ਾਰ ਵਿੱਚ ਨਕਲੀ ਵੇਚੀਆਂ ਗਈਆਂ ਤੇ ਕਿਸਾਨ ਰੋਂਦਾ ਰਿਹਾ। 40 ਰੁਪਏ ਦੇ ਕੇ ਕਿਸਾਨ ਤੋਂ 400 ਰੁਪਏ ਲੈ ਲਏ।


ਸਿੱਧੂ ਨੇ ਇੱਕ ਵਾਰ ਫਿਰ ਕੇਂਦਰੀ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਹੈ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਸਰਹੱਦ ਖੁੱਲ੍ਹ ਗਈ ਤਾਂ ਦੇਸ਼ ਵੱਡੀਆਂ ਉਚਾਈਆਂ ਨੂੰ ਛੂਹੇਗਾ। ਇੱਥੇ 1200-1400 ਰੁਪਏ ਕਿੱਲੋ ਵਾਲੀ ਕਣਕ ਬਾਹਰ 2100 ਰੁਪਏ ਵਿੱਚ ਵਿਕ ਰਹੀ ਹੈ। 3000 ਰੁਪਏ ਵਾਲੀ ਬਾਸਮਤੀ ਬਾਹਰ 7000 ਰੁਪਏ ਵਿੱਚ ਵਿਕ ਰਹੀ ਹੈ। 22 ਰੁਪਏ ਵਾਲਾ ਅਦਰਕ 100 ਰੁਪਏ, 50 ਰੁਪਏ ਵਾਲਾ ਦੁੱਧ 200 ਰੁਪਏ ਵਿੱਚ ਵਿਕ ਰਿਹਾ ਹੈ।


ਸਿੱਧੂ ਨੇ ਦੋਸ਼ ਲਾਇਆ ਕਿ ਐਫਸੀਆਈ ਨੂੰ ਦਿਵਾਲੀਆ ਕਰਨ ਤੋਂ ਬਾਅਦ ਕੇਂਦਰ ਨੇ ਸਟੋਰੇਜ ਅਡਾਨੀ ਕਾਰਪੋਰੇਟ ਨੂੰ ਦੇ ਦਿੱਤੀ ਹੈ। ਜੇਕਰ ਉਨ੍ਹਾਂ ਦੇ ਗੋਦਾਮ 25 ਫੀਸਦੀ ਭਰਦੇ ਹਨ ਤਾਂ ਉਨ੍ਹਾਂ ਨੂੰ 100 ਫੀਸਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਕਿਸਾਨਾਂ ਲਈ ਕੁਝ ਨਹੀਂ ਸੋਚਿਆ ਗਿਆ। ਭਾਜਪਾ ਨੇ 10 ਸਾਲਾਂ ਵਿੱਚ ਅਮੀਰਾਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਪਰ ਉਹ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਕੰਨੀ ਕਤਰਾਉਂਦੇ ਹਨ।


ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਕਣਕ ਤੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ 72 ਹਜ਼ਾਰ ਕਰੋੜ ਰੁਪਏ ਖਰਚ ਕਰਦੀ ਹੈ। ਸੀਐਮ ਮਾਨ 22 ਫਸਲਾਂ 'ਤੇ MSP ਦੇਣ ਦੀ ਗੱਲ ਕਰ ਰਹੇ ਹਨ। ਉਹ ਸ਼ੇਖ-ਚਿੱਲੀ ਵਾਂਗ ਸੁਪਨੇ ਦੇਖ ਰਹੇ ਹਨ। ਕਿਸਾਨਾਂ ਨੂੰ ਦਾਲਾਂ ਉਗਾਉਣ ਲਈ ਕਿਹਾ ਗਿਆ। ਸਾਰੀ ਮੂੰਗੀ ਦੀ ਫਸਲ ਦੀ ਲਿਫਟਿੰਗ ਕਰਨ ਦੀ ਗੱਲ ਕਹੀ ਪਰ ਲਿਫਟਿੰਗ ਸਿਰਫ 8 ਫੀਸਦੀ ਕੀਤੀ। ਦੂਜੇ ਕਿਸਾਨਾਂ ਨੂੰ ਆਪਣੀ ਫ਼ਸਲ ਸਸਤੀ ਵੇਚਣੀ ਪਈ।


ਇਹ ਵੀ ਪੜ੍ਹੋ: Sangrur news: ਪਿੰਡ ਢੱਡਰੀਆਂ 'ਚ ਫੌਜ ਦੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ, ਸਾਹਮਣੇ ਆਈ ਇਹ ਵਜ੍ਹਾ, ਜਾਣੋ