ਸ਼ੰਕਰ ਦਾਸ ਦੀ ਰਿਪੋਰਟ



Punjab News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇੱਕ ਸਹਿਯੋਗੀ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਨੇ ਸਖਤ ਜੀਵਨ ਸ਼ੈਲੀ ਨੂੰ ਅਪਣਾਉਂਦੇ ਹੋਏ ਪਿਛਲੇ ਛੇ ਮਹੀਨਿਆਂ ਵਿੱਚ 34 ਕਿੱਲੋ ਭਾਰ ਘਟਾਇਆ ਹੈ। ਸਿੱਧੂ ਨੇ ਭਾਰ ਘਟਾਉਣ ਲਈ ਪਟਿਆਲਾ ਜੇਲ੍ਹ ਵਿੱਚ ਆਪਣੀ ਖੁਰਾਕ, ਦੋ ਘੰਟੇ ਯੋਗਾ ਤੇ ਕਸਰਤ ਦੀ ਰੁਟੀਨ ਬਣਾਈ ਰੱਖੀ। 80-90 ਦੇ ਦਹਾਕੇ ਦੇ ਕ੍ਰਿਕਟਰ ਨਵਜੋਤ ਸਿੱਧੂ ਦਾ ਕੱਦ 6 ਫੁੱਟ 2 ਇੰਚ ਹੈ ਤੇ ਹੁਣ ਉਨ੍ਹਾਂ ਦਾ ਵਜ਼ਨ 99 ਕਿਲੋ ਹੈ।

ਸਿੱਧੂ ਦੇ ਸਹਿਯੋਗੀ ਤੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਮੁਤਾਬਕ ਸਿੱਧੂ ਜੇਲ੍ਹ ਵਿੱਚ ਘੱਟੋ-ਘੱਟ ਚਾਰ ਘੰਟੇ ਮੈਡੀਟੇਸ਼ਨ, ਦੋ ਘੰਟੇ ਯੋਗਾ ਤੇ ਕਸਰਤ ਜ਼ਰੂਰ ਕਰਦੇ ਹਨ। ਇਸ ਤੋਂ ਇਲਾਵਾ ਉਹ ਦੋ ਤੋਂ ਚਾਰ ਘੰਟੇ ਪੜ੍ਹਾਈ ਕਰਦੇ ਹਨ ਤੇ ਚਾਰ ਘੰਟੇ ਹੀ ਸੌਂਦੇ ਹਨ।

ਚੀਮਾ ਨੇ ਸ਼ੁੱਕਰਵਾਰ (25 ਨਵੰਬਰ) ਨੂੰ ਪਟਿਆਲਾ ਜੇਲ੍ਹ ਵਿੱਚ ਸਿੱਧੂ ਨਾਲ ਕਰੀਬ 45 ਮਿੰਟ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਇੱਕ ਅਖ਼ਬਾਰ ਨੂੰ ਕਿਹਾ, “ਜਦੋਂ ਸਿੱਧੂ ਆਪਣੀ ਸਜ਼ਾ ਪੂਰੀ ਕਰਕੇ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਤੁਸੀਂ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਜਾਓਗੇ। ਉਹ ਬਿਲਕੁਲ ਉਸੇ ਤਰ੍ਹਾਂ ਦਿਖਦਾ ਹੈ, ਜਿਵੇਂ ਉਹ ਕ੍ਰਿਕਟਰ ਦੇ ਤੌਰ 'ਤੇ ਆਪਣੇ ਸੁਨਹਿਰੀ ਦੌਰ ਵਿੱਚ ਦਿਖਾਈ ਦਿੰਦਾ ਸੀ।

ਚੀਮਾ ਨੇ ਅੱਗੇ ਕਿਹਾ, “ਸਿੱਧੂ ਨੇ 34 ਕਿੱਲੋ ਘਟਾਇਆ ਹੈ ਅਤੇ ਹੋਰ ਵੀ ਘਟਾਏਗਾ। ਹੁਣ ਵੀ ਉਨ੍ਹਾਂ ਦਾ ਭਾਰ 99 ਕਿਲੋ ਹੈ ਪਰ ਸਿੱਧੂ ਦਾ ਕੱਦ 6 ਫੁੱਟ 2 ਇੰਚ ਹੈ, ਇਸ ਲਈ ਉਹ ਹੁਣ ਕਾਫੀ ਖੂਬਸੂਰਤ ਲੱਗ ਰਹੇ ਹਨ। ਸਿੱਧੂ ਬਹੁਤ ਸ਼ਾਂਤ ਦਿਖਾਈ ਦਿੱਤੇ ਕਿਉਂਕਿ ਉਹ ਧਿਆਨ ਵਿੱਚ ਸਮਾਂ ਬਿਤਾਉਂਦੇ ਹਨ। ਸਾਬਕਾ ਵਿਧਾਇਕ ਨੇ ਅੱਗੇ ਕਿਹਾ, “ਸਿੱਧੂ ਸੱਚਮੁੱਚ ਚੰਗਾ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਸਦਾ ਲੀਵਰ, ਜੋ ਕਿ ਪਹਿਲਾਂ ਚਿੰਤਾ ਦਾ ਵਿਸ਼ਾ ਸੀ, ਹੁਣ ਕਾਫ਼ੀ ਬੇਹਤਰ ਹੈ।

ਸਿੱਧੂ ਨਾਨ ਅਲਕੋਹਲਿਕ ਫੈਟੀ ਲਿਵਰ ਤੇ ਐਂਬੋਲਿਜ਼ਮ ਤੋਂ ਪੀੜਤ ਹਨ। ਡਾਕਟਰਾਂ ਨੇ ਉਸ ਨੂੰ ਨਾਰੀਅਲ ਪਾਣੀ, ਕੈਮੋਮਾਈਲ ਚਾਹ, ਬਦਾਮ ਦਾ ਦੁੱਧ ਅਤੇ ਮਹਿੰਦੀ ਵਾਲੀ ਚਾਹ ਸਮੇਤ ਵਿਸ਼ੇਸ਼ ਖੁਰਾਕ ਲੈਣ ਦੀ ਸਲਾਹ ਦਿੱਤੀ ਹੈ। ਸਿੱਧੂ ਨੇ ਇਸ ਦੌਰਾਨ ਖੰਡ ਅਤੇ ਕਣਕ ਤੋਂ ਪਰਹੇਜ਼ ਕੀਤਾ ਅਤੇ ਦਿਨ ਵਿਚ ਸਿਰਫ ਦੋ ਵਾਰ ਹੀ ਖਾਣਾ ਖਾਧਾ। ਉਹ ਸ਼ਾਮ 6 ਵਜੇ ਤੋਂ ਬਾਅਦ ਕੁਝ ਨਹੀਂ ਖਾਂਦੇ। ਸਿੱਧੂ ਨੂੰ ਜੇਲ੍ਹ ਵਿੱਚ ਕਲਰਕ (ਮੁਨਸ਼ੀ) ਦੀ ਨੌਕਰੀ ਦਿੱਤੀ ਗਈ ਸੀ।