ਮੋਗਾ: ਕਿਸਾਨ ਅੰਦੋਲਨ ਦੀ ਹਮਾਇਤ ਕਰਨ ਨੂੰ ਲੈ ਕੇ ਆੜ੍ਹਤੀਆਂ ਦੇ ਘਰਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਇਸ ਦੌਰਾਨ ਆੜ੍ਹਤੀਆਂ ਨੇ ਵੀ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਸਿਰਫ ਤੇ ਸਿਰਫ ਕੇਂਦਰ ਸਰਕਾਰ ਇਸ ਲਈ ਛਾਪੇ ਮਰਵਾ ਰਹੀ ਹੈ ਕਿਉਂਕਿ ਅਸੀਂ ਕਿਸਾਨਾਂ ਦਾ ਸਾਥ ਦੇ ਰਹੇ ਹਾਂ।
ਇਸ ਤੋਂ ਇਲਾਵਾ ਜੋ ਕਿਸਾਨ ਨੇਤਾਵਾਂ ਦੇ ਵੱਲੋਂ ਵਿਦੇਸ਼ਾਂ ਤੋਂ ਫੰਡ ਮੰਗਵਾਇਆ ਜਾ ਰਹੇ ਹੈ, ਸਰਕਾਰ ਉਸ 'ਤੇ ਵੀ ਸ਼ਿਕੰਜਾ ਕੱਸ ਰਹੀ ਹੈ। ਕਿਸਾਨ ਨੇਤਾਵਾਂ ਦੀ ਫਿਲਹਾਲ ਬੈਂਕ ਟ੍ਰਾਂਜੈਕਸ਼ਨਸ ਤੇ ਰੋਕ ਲਾ ਦਿੱਤੀ ਗਈ ਹੈ।
ਕਿਸਾਨ ਯੂਨੀਅਨ ਏਕਤਾ ਉਗਰਹਾਂ ਪੰਜਾਬ ਦੇ ਜਨਰਲ ਸਕਤਰ ਸੁਖਦੇਵ ਸਿੰਘ ਕੋਕਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ਾਂ ਵੱਲੋਂ ਲਗਪਗ 6 ਤੋਂ 7 ਲੱਖ ਰੁਪਏ ਦਾ ਫੰਡ ਆਇਆ ਹੈ ਤੇ ਇੰਨਾ ਹੀ ਫੰਡ ਪੰਜਾਬ ਤੇ ਭਾਰਤ ਦੇ ਵੱਖ-ਵੱਖ ਰਾਜਾਂ ਵੱਲੋਂ ਆਇਆ ਹੈ। ਸੁਖਦੇਵ ਸਿੰਘ ਕੋਕਰੀ ਨੇ ਕੇਂਦਰ ਸਰਕਾਰ ਉੱਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਇਹ ਸਿਰਫ ਕਿਸਾਨਾਂ ਦਾ ਅੰਦੋਲਨ ਖਤਮ ਕਰਨ ਲਈ ਕੇਂਦਰ ਦੀ ਇੱਕ ਚਾਲ ਹੈ।
ਉਨ੍ਹਾਂ ਨੇ ਕਿਹਾ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਖਾਤਿਆਂ 'ਚ ਵਿਦੇਸ਼ਾਂ ਵੱਲੋਂ ਫੰਡ ਆਉਂਦੇ ਸੀ ਪਰ ਤਦ ਕਿਸੇ ਵੀ ਤਰ੍ਹਾਂ ਦੀ ਜਾਂਚ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਬੈਂਕ ਦੇ ਵੱਲੋਂ ਉਨ੍ਹਾਂ ਨੂੰ ਐਨਆਰਆਈ ਦੇ ਪਾਸਪੋਰਟ ਮੰਗੇ ਗਏ ਹਨ, ਜਿਨ੍ਹਾਂ ਵੱਲੋਂ ਫੰਡ ਆਏ ਹਨ। ਕੋਕਰੀ ਨੇ ਦੱਸਿਆ ਕਿ ਉਗਰਹਾਂ ਗਰੁੱਪ ਦੀ ਸਹਿਮਤੀ ਦੇ ਬਾਅਦ ਹੀ ਉਨ੍ਹਾਂ ਦਾ ਵਿਅਕਤੀਗਤ ਖਾਤਾ ਸੋਸ਼ਲ ਮੀਡੀਆ ਉੱਤੇ ਜਨਤਕ ਕੀਤਾ ਗਿਆ ਸੀ ਜਿਸ ਮਗਰੋਂ ਉਨ੍ਹਾਂ ਨੂੰ ਫੰਡ ਆਉਣੇ ਸ਼ੁਰੂ ਹੋਏ ਸੀ।