ਇਹ ਐਤਵਾਰ ਪੰਜਾਬ ਵਿੱਚ ਸਕੂਲਾਂ ਦੀ ਗਰਮੀਆਂ ਦੀਆਂ ਛੁੱਟੀਆਂ ਦਾ ਆਖਰੀ ਦਿਨ ਹੈ। 1 ਜੁਲਾਈ ਦਿਨ ਸੋਮਵਾਰ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ੍ਹ ਜਾਣਗੇ। ਇਸ ਵਿਚਾਲੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵੱਲੋਂ ਨੋਟਿਸ ਜਾਰੀ ਕਰਕੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਸਕੂਲ ਮੁਖੀ,ਇੰਚਾਰਜ ਅਤੇ ਹੈੱਡ ਮਾਸਟਰਾਂ ਨੂੰ ਸਕੂਲਾਂ ਵਿੱਚ ਸਫਾਈ ਦਾ ਪ੍ਰਬੰਧ ਕਰਨ ਸਬੰਧੀ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇਨ੍ਹਾਂ ਹੁਕਮਾਂ/ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਹਦਾਇਤਾਂ ਇਸ ਤਰ੍ਹਾਂ ਹਨ
- 1 ਜੁਲਾਈ ਤੋਂ ਪਹਿਲਾਂ-ਪਹਿਲਾਂ ਸਕੂਲ ਦੇ ਸਾਰੇ ਕਮਰਿਆਂ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕਰਵਾਈ ਜਾਵੇ।
- ਪੀਣ ਵਾਲੇ ਪਾਣੀ ਦੀ ਟੈਂਕੀ ਦੀ ਸਾਫ-ਸਫਾਈ ਕਰਵਾਈ ਜਾਵੇ।
- ਸਕੂਲ ਦੇ ਗਰਾਊਂਡ ਦੀ ਚੰਗੀ ਤਰ੍ਹਾਂ ਸਾਫ-ਸਫਾਈ ਕਰਵਾਈ ਜਾਵੇ।
- ਆਗਾਮੀ ਹੋਣ ਵਾਲੀਆਂ ਖੇਡਾਂ ਲਈ ਗਰਾਊਂਡ ਤਿਆਰ ਕਰਕੇ ਬੱਚਿਆਂ ਨੂੰ ਖੇਡਾਂ ਸਬੰਧੀ ਤਿਆਰੀ ਕਰਵਾਉਣੀ ਲਾਜਮੀ ਬਣਾਈ ਜਾਵੇ।
ਇਸਦੇ ਨਾਲ ਹੀ ਪੰਜਾਬ ਦੇ ਸਕੂਲ ਵਿਭਾਗ ਨੇ ਸੈਸ਼ਨ 2024-25 ਦੌਰਾਨ ਵੱਖ-ਵੱਖ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਲਈ ਰਿਵਾਇਤੀ ਬੱਸ ਪਾਸ ਉਪਲੱਬਧ ਕਰਵਾਉਣ ਦੇ ਸਬੰਧ 'ਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਦਿਸ਼ਾ ਨਿਰਦੇਸ਼ਾਂ ਜਾਰੀ ਕੀਤੇ ਸਨ। ਇਨ੍ਹਾਂ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਸੂਬੇ ਦੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਨਵੇਂ ਦਾਖ਼ਲੇ ਲੈਣ ਵਾਲੇ ਅਤੇ ਪਹਿਲਾਂ ਤੋਂ ਦਾਖ਼ਲ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਚੱਲ ਰਹੀਆਂ ਹਨ।
ਇਸ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀ ਸੂਚੀ ਤਿਆਰ ਕਰਨ। ਇਸ ਸੂਚੀ 'ਚ ਸਕੂਲ ਵਾਰ ਰਿਵਾਇਤੀ ਦਰਾਂ ਅਤੇ ਬੱਸ ਪਾਸ ਚਾਹੁਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਾ ਵੇਰਵਾ ਸ਼ਾਮਲ ਹੋਣਾ ਚਾਹੀਦਾ ਹੈ। ਇਹ ਜਾਣਕਾਰੀ ਮੈਨੇਜਿੰਗ ਡਾਇਰੈਕਟਰ, ਸਟੇਟ ਟਰਾਂਸਪੋਰਟ ਵਿਭਾਗ ਅਤੇ ਮੈਨੇਜਿੰਗ ਡਾਇਰੈਕਟਰ, ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.), ਪਟਿਆਲਾ ਨੂੰ ਭੇਜੀ ਜਾਣੀ ਚਾਹੀਦੀ।
ਨਾਲ ਹੀ ਸੂਚੀਆਂ ਦੀ ਇਕ ਪ੍ਰਤੀ ਹੈੱਡ ਆਫਿਸ ਨੂੰ ਭੇਜੀ ਜਾਵੇਗੀ ਤਾਂ ਕਿ ਸਬੰਧਤ ਸੰਸਥਾਨਾਂ ਨੂੰ ਭੇਜੀ ਗਈ ਜਾਣਕਾਰੀ ਅਨੁਸਾਰ ਦਾਅਵਿਆਂ ਦਾ ਭੁਗਤਾਨ ਕਰਦੇ ਸਮੇਂ ਸੂਚੀਆਂ ਦਾ ਮਿਲਾਨ ਕੀਤਾ ਜਾ ਸਕੇ। ਇਸ ਤੋਂ ਇਹ ਯਕੀਨੀ ਕੀਤਾ ਜਾ ਸਕੇਗਾ ਕਿ ਵਿਦਿਆਰਥੀਆਂ ਲਈ ਬੱਸ ਪਾਸ ਬਣਾਉਣ 'ਚ ਕੋਈ ਕਠਿਨਾਈ ਨਾ ਹੋਵੇ। ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ਤ ਕੀਤਾ ਗਿਆ ਹੈ ਕਿ ਉਹ ਇਨ੍ਹਾਂ ਸੂਚੀਆਂ 'ਤੇ ਹਸਤਾਖ਼ਰ ਕਰ ਕੇ ਅਤੇ ਪ੍ਰਮਾਣਿਤ ਕਰ ਕੇ ਭੇਜਣ।
ਇਹ ਕਦਮ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਟ੍ਰਾਂਸਪੋਰਟ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ। ਸਿੱਖਿਆ ਵਿਭਾਗ ਨੇ ਇਹ ਵੀ ਯਕੀਨੀ ਕੀਤਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਸਹੀ ਤਰੀਕੇ ਨਾਲ ਹੋਵੇ ਅਤੇ ਵਿਦਿਆਰਥੀਆਂ ਨੂੰ ਸਮੇਂ 'ਤੇ ਰਿਵਾਇਤੀ ਬੱਸ ਪਾਸ ਪ੍ਰਾਪਤ ਹੋ ਸਕੇ।