ਰੌਬਟ ਦੀ ਰਿਪੋਰਟ
ਚੰਡੀਗੜ੍ਹ: ਘਾਤਕ ਕੋਰੋਨਾਵਾਇਰਸ ਦੇ ਕਹਿਰ ਵਿਚਾਲੇ ਪੰਜਾਬ ਲਈ ਹੁਣ ਕੁਝ ਰਾਹਤ ਦੀ ਖ਼ਬਰ ਹੈ। ਪਿਛਲੇ ਤਿੰਨ ਮਹੀਨਿਆਂ 'ਚ ਪਹਿਲੀ ਵਾਰ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਪਿਛਲੇ ਪੰਜ ਦਿਨਾਂ ਦੇ ਅੰਕੜੇ ਵੇਖੇ ਜਾਣ ਦਾ ਸੂਬੇ ਅੰਦਰ ਕੋਰੋਨਾ ਦੀ ਰਫ਼ਤਾਰ ਘਟਦੀ ਨਜ਼ਰ ਆ ਰਹੀ ਹੈ।
ਫਿਲਹਾਲ ਪੰਜਾਬ ਸਰਕਾਰ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਪਾਬੰਦੀਆਂ 31 ਮਈ ਤੱਕ ਵਧਾ ਦਿੱਤੀਆਂ ਹਨ। ਲੁਧਿਆਣਾ ਵਿੱਚ ਵੀ ਕੋਰੋਨਾ ਕਰਫਿਊ ਇੱਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ ਹੈ ਤਾਂ ਜੋ ਇਸ ਮਾਰੂ ਵਾਇਰਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।
ਪੰਜਾਬ ਅੰਦਰ 12 ਮਈ ਨੂੰ, ਐਕਟਿਵ ਕੇਸਾਂ ਦੀ ਗਿਣਤੀ 80,000 ਨੂੰ ਛੂਹ ਗਈ ਸੀ, ਜੋ ਰਾਜ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਐਤਵਾਰ ਨੂੰ ਐਕਟਿਵ ਕੇਸ 75,478 ਤੇ ਆ ਗਏ। ਜਨਵਰੀ ਵਿੱਚ, ਕੋਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 2,000 ਤੇ ਆ ਗਈ ਸੀ ਪਰ ਫਰਵਰੀ ਵਿੱਚ ਦੂਜੀ ਲਹਿਰ ਦੀ ਸ਼ੁਰੂਆਤ ਨਾਲ, ਅਗਲੇ ਤਿੰਨ ਮਹੀਨਿਆਂ ਤਕ ਕੇਸਾਂ ਵਿੱਚ ਵਾਧਾ ਹੁੰਦਾ ਰਿਹਾ।
ਜੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਲੁਧਿਆਣਾ 12,832 ਐਕਟਿਵ ਕੇਸਾਂ ਨਾਲ ਚੋਟੀ 'ਤੇ ਹੈ, ਇਸ ਤੋਂ ਬਾਅਦ ਐਸਏਐਸ ਨਗਰ (ਮੁਹਾਲੀ) 10,110 ਕੇਸਾਂ ਨਾਲ ਦੂਜੇ ਨੰਬਰ ਤੇ, ਬਠਿੰਡਾ (7,262) ਕੇਸਾਂ ਨਾਲ ਤੀਜੇ ਨੰਬਰ ਤੇ, ਜਲੰਧਰ (5,474) ਕੇਸਾਂ ਨਾਲ ਚੌਥੇ ਨੰਬਰ ਤੇ ਅਤੇ ਅੰਮ੍ਰਿਤਸਰ (5,448) ਐਕਟਿਵ ਕੇਸਾਂ ਨਾਲ ਪੰਜਵੇਂ ਨੰਬਰ ਤੇ ਹੈ। ਬਰਨਾਲਾ, ਐਸਬੀਐਸ ਨਗਰ ਤੇ ਫਤਿਹਗੜ੍ਹ ਸਾਹਿਬ ਵਿਖੇ ਕ੍ਰਮਵਾਰ 549, 831 ਤੇ 849 ਐਕਟਿਵ ਕੇਸ ਹਨ।
ਮਾਹਰਾਂ ਮੁਤਾਬਕ ਕੇਸਾਂ ਵਿੱਚ ਇਹ ਕਮੀ ਲੌਕਡਾਊਨ ਤੇ ਸਖ਼ਤੀ ਪਾਬੰਦੀਆਂ ਨਾਲ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹਨ ਜੇ ਇਹ ਗਿਰਾਵਟ ਬਣੀ ਰਹਿੰਦੀ ਹੈ ਤਾਂ ਹੌਲੀ-ਹੌਲੀ ਰੋਜ਼ਾਨਾ ਆਉਣ ਵਾਲੇ ਕੇਸ ਵੀ ਘੱਟ ਜਾਣਗੇ। ਇਸ ਵੇਲੇ ਸੂਬੇ ਦੀ ਵੱਡੀ ਚਿੰਤਾ ਦਿਹਾਤੀ ਪੰਜਾਬ ਹੈ, ਪਿੰਡਾਂ ਦੇ ਲੋਕ ਨਾ ਤਾਂ ਵੈਕਸੀਨ ਲਵਾ ਰਹੇ ਹਨ ਤੇ ਨਾ ਹੀ ਕੋਰੋਨਾ ਟੈਸਟ ਕਰਵਾ ਰਹੇ ਹਨ।
ਰਾਜ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਨਾਲੋਂ ਪਿੰਡਾਂ ਵਿੱਚ ਮੌਤ ਦਰ ਵਧੇਰੇ ਹੈ। ਦੂਜੀ ਲਹਿਰ ਦੌਰਾਨ ਕੋਵਿਡ ਕਾਰਨ ਹੋਈ 11,000 ਤੋਂ ਵੱਧ ਮੌਤਾਂ ਵਿੱਚੋਂ 58 ਫੀਸਦੀ ਮੌਤਾਂ ਪੇਂਡੂ ਇਲਾਕਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ ਜਦੋਂਕਿ ਉੱਥੇ 30% ਦੇ ਕਰੀਬ ਕੇਸ ਸਾਹਮਣੇ ਆਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ