ਚੰਡੀਗੜ੍ਹ: ਮੋਦੀ ਸਰਕਾਰ ਨੇ ਅੱਜ ਤੋਂ ਕੌਮੀ ਰਾਜ ਮਾਰਗਾਂ 'ਤੇ ਟੌਲ ਪਲਾਜ਼ੇ ਸ਼ੁਰੂ ਕਰ ਦਿੱਤੇ ਹਨ। ਟਰਾਂਸਪੋਰਟਰਾਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਨੇ ਟੌਲ ਪਲਾਜ਼ਿਆਂ ’ਤੇ ਉਗਰਾਹੀ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਅਜੇ 3 ਮਈ ਤੱਕ ਕੋਈ ਵਸੂਲੀ ਕਰਨ ਦਾ ਫੈਸਲਾ ਕੀਤਾ ਹੈ।


ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਰਾਜ ਦੇ ਸਾਰੇ ਟੌਲ ਪਲਾਜ਼ਿਆਂ ’ਤੇ ਉਗਰਾਹੀ ਦੀ ਮੁਅੱਤਲੀ ਦੀ ਮਿਆਦ ਵਿੱਚ 3 ਮਈ ਤੱਕ ਵਾਧਾ ਕਰ ਦਿੱਤਾ ਹੈ। ਪੰਜਾਬ ਵਿੱਚ ਸੂਬਾ ਸਰਕਾਰ ਅਧੀਨ 23 ਟੌਲ ਪਲਾਜ਼ੇ ਹਨ। ਹਾਲਾਂਕਿ ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਐਨਐਚਏਆਈ ਅਧੀਨ ਆਉਂਦੇ ਟੌਲ ਪਲਾਜ਼ਿਆਂ ’ਤੇ ਅੱਜ ਤੋਂ ਉਗਰਾਹੀ ਸ਼ੁਰੂ ਹੋ ਗਈ ਹੈ।

ਉਧਰ, ਆਲ ਇੰਡੀਆ ਟਰਾਂਸਪੋਰਟਰ ਕਾਂਗਰਸ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜ਼ਰੂਰੀ ਸਾਮਾਨ ਦੀ ਢੋਆ-ਢੁਆਈ ਲਈ 20 ਅਪਰੈਲ ਤੋਂ ਮੁੜ ਸੜਕਾਂ ’ਤੇ ਉੱਤਰਨ ਵਾਲੇ ਟਰੱਕਾਂ ਤੋਂ ਟੌਲ ਵਸੂਲੀ ਬੰਦ ਕੀਤੀ ਜਾਵੇ ਤੇ ਸਾਰੇ ਰਾਜਾਂ ਦੀਆਂ ਸਰਕਾਰਾਂ ਡਰਾਈਵਰਾਂ ਦੀ ਸਿਹਤ ਦਾ ਖ਼ਿਆਲ ਕਰਦੇ ਹੋਏ ‘ਸੈਨੇਟਾਈਜੇਸ਼ਨ’ ਦਾ ਪ੍ਰਬੰਧ ਟੌਲ ਬੂਥਾਂ ’ਤੇ ਕਰੇ।

ਜਥੇਬੰਦੀ ਦੇ ਕੌਮੀ ਪ੍ਰਧਾਨ ਕੁਲਤਾਰਨ ਸਿੰਘ ਅਠਵਾਲ ਨੇ ਕਿਹਾ ਕਿ 20 ਅਪਰੈਲ ਤੋਂ ਟਰੱਕਾਂ ਦੇ ਚੱਲਣ ਦੀ ਉਮੀਦ ਹੈ ਪਰ ਸਟੇਟ ਹਾਈਵੇਅ ’ਤੇ ਟਰੱਕ ਇੱਕ ਪਾਸਿਉਂ ਖਾਲੀ ਹੀ ਜਾਣਗੇ ਤੇ ਉਨ੍ਹਾਂ ਨੂੰ ਟੌਲ ਵੀ ਲੱਗੇਗਾ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਈ ਜਾਵੇ ਕਿਉਂਕਿ ਉਨ੍ਹਾਂ ਦੇਸ਼ ਭਰ ਦੀਆਂ ਮੰਡੀਆਂ ਵਿਚ ਸਾਮਾਨ ਪੁੱਜਦਾ ਕਰਨ ਲਈ ਰਾਜਾਂ ਦੀਆਂ ਹੱਦਾਂ ਪਾਰ ਕਰਨੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਹਰੇਕ ਚਾਲਕ ਦਾ 50 ਲੱਖ ਦਾ ਬੀਮਾ ਕੀਤਾ ਜਾਵੇ ਕਿਉਂਕਿ ਹਾਲੇ ਤੱਕ ਕੇਂਦਰ ਵੱਲੋਂ ਟਰਾਂਸਪੋਰਟ ਖੇਤਰ ਲਈ ਕੋਈ ਰਾਹਤ ਨਹੀਂ ਐਲਾਨੀ ਗਈ।