ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਹੋਏ। ਨੀਤੀ ਆਯੋਗ ਦੀ ਸੱਤਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਸੀ। ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਇਸ ਦੌਰਾਨ ਮਾਨ ਨੇ ਆਪਣੀ ਪੇਸ਼ਕਾਰੀ ਵਿੱਚ ਘੱਟੋ-ਘੱਟ ਸਮਰਥਨ ਮੁੱਲ 'ਤੇ ਕਮੇਟੀ ਦੇ ਪੁਨਰ ਗਠਨ ਅਤੇ ਫਸਲੀ ਵਿਭਿੰਨਤਾ ਲਈ ਰਾਜ ਦੇ ਯਤਨਾਂ ਵਿੱਚ ਮਦਦ ਕਰਨ ਦੀ ਮੰਗ ਕੀਤੀ।


ਪੰਜਾਬ ਦੇ ਸਾਬਕਾ ਮੁੱਖ ਮੰਤਰੀਆਂ ਵੱਲੋਂ ਤਿੰਨ ਮੌਕਿਆਂ 'ਤੇ ਮੀਟਿੰਗ ਨੂੰ ਛੱਡਣ 'ਤੇ ਅਫਸੋਸ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣਾ 'ਹੋਮ ਵਰਕ' ਕਰਕੇ ਆਏ ਹਨ ਅਤੇ ਉਹ ਮੀਟਿੰਗ ਤੋਂ ਖੁਸ਼ ਹਨ ਕਿਉਂਕਿ ਇਸ ਦੇ ਨਤੀਜੇ ਸੂਬੇ ਲਈ ਭੁਗਤਣਗੇ।


ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ, “ਅੱਜ ਨੀਤੀ ਆਯੋਗ ਦੀ 7ਵੀਂ ਮੀਟਿੰਗ ਸੀ ਅਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਇਹ ਮੇਰੇ ਲਈ ਪਹਿਲੀ ਮੀਟਿੰਗ ਸੀ। ਇਹ ਮੰਦਭਾਗਾ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚੋਂ ਕੋਈ ਨਹੀਂ ਆਇਆ। ਮੈਂ ਅੱਜ ਵਿਸਤ੍ਰਿਤ ਹੋਮਵਰਕ ਦੇ ਨਾਲ ਗਿਆ ਅਤੇ ਪੰਜਾਬ ਦੇ ਮੁੱਦੇ ਉਠਾਏ। ਸਭ ਤੋਂ ਵੱਡਾ ਮੁੱਦਾ ਫਸਲੀ ਵਿਭਿੰਨਤਾ ਦਾ ਸੀ।ਮੈਂ ਸੰਤੁਸ਼ਟ ਹਾਂ ਕਿਉਂਕਿ ਸਾਰੇ ਮੁੱਦਿਆਂ ਨੂੰ ਸੁਣਿਆ ਗਿਆ।"


ਉਨ੍ਹਾਂ ਅਗੇ ਕਿਹਾ, “ਅਸੀਂ ਕਣਕ-ਝੋਨੇ ਦੇ ਚੱਕਰ ਵਿੱਚ ਫਸ ਗਏ ਹਾਂ। ਸਾਡੇ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਘੱਟ ਗਿਆ ਹੈ। ਅਸੀਂ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰਦੇ ਹਾਂ ਅਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਮੇਟੀ ਦੇ ਪੁਨਰਗਠਨ ਦੀ ਮੰਗ ਕਰਦੇ ਹਾਂ, ਕਿਉਂਕਿ ਇਸ ਵਿਚ ਕੋਈ ਹਿੱਸੇਦਾਰ ਨਹੀਂ ਹਨ।"


ਆਪਣੀ ਪੇਸ਼ਕਾਰੀ ਦੌਰਾਨ ਮਾਨ ਨੇ ਜੀ-20 ਦੀ ਮੀਟਿੰਗ ਅੰਮ੍ਰਿਤਸਰ ਵਿੱਚ ਕਰਵਾਉਣ ਦਾ ਸੁਝਾਅ ਵੀ ਦਿੱਤਾ।ਮਾਨ ਨੇ ਅਗੇ ਕਿਹਾ, “ਸਾਰੇ ਮੁੱਖ ਮੰਤਰੀਆਂ ਨੇ ਆਪਣੇ ਮੁੱਦੇ ਉਠਾਏ। ਪ੍ਰਧਾਨ ਮੰਤਰੀ ਸਵੇਰੇ 10 ਵਜੇ ਤੋਂ ਸ਼ਾਮ 4.15 ਵਜੇ ਤੱਕ ਸਾਡੇ ਨਾਲ ਬੈਠੇ ਅਤੇ ਸਾਰੇ ਨੁਕਤੇ ਨੋਟ ਕੀਤੇ। ਅਸੀਂ ਸੁਝਾਅ ਦਿੱਤੇ। ਭਾਰਤ ਦਸੰਬਰ ਵਿੱਚ ਜੀ-20 ਬੈਠਕ ਦੀ ਪ੍ਰਧਾਨਗੀ ਕਰੇਗਾ। ਮੈਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਗੇ ਅੰਮ੍ਰਿਤਸਰ ਦਾ ਨਾਂ ਉਸ ਸਥਾਨ ਵਜੋਂ ਰੱਖਿਆ ਹੈ ਜਿੱਥੇ ਸਾਰੀਆਂ ਮੀਟਿੰਗਾਂ ਕੀਤੀਆਂ ਜਾ ਸਕਦੀਆਂ ਹਨ। ਅਸੀਂ ਸਿਖਰ ਸੰਮੇਲਨ ਵਿੱਚ ਆਪਣੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਾਂਗੇ। ”


ਭਾਰਤ 1 ਦਸੰਬਰ, 2022 ਤੋਂ G20 ਦੀ ਪ੍ਰਧਾਨਗੀ ਸੰਭਾਲੇਗਾ, ਅਤੇ ਅਗਲੇ ਸਾਲ ਪਹਿਲੀ ਵਾਰ G20 ਨੇਤਾਵਾਂ ਦਾ ਸੰਮੇਲਨ ਬੁਲਾਏਗਾ।