ਚੰਡੀਗੜ੍ਹ: ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਕਿਸਾਨ ਸਾਥੀਆਂ ਨੂੰ ਖ਼ੁਦਕੁਸ਼ੀਆਂ ਦਾ ਰਾਹ ਛੱਡਦਿਆਂ ਸੰਘਰਸ਼ ਦਾ ਪੱਲਾ ਫੜਨ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਚੱਲਦੇ ਸੰਘਰਸ਼ ਦੌਰਾਨ ਬੀਤੇ ਕੁਝ ਦਿਨਾਂ 'ਚ ਹੋਈਆਂ ਖ਼ੁਦਕੁਸ਼ੀਆਂ ਸਾਡੇ ਸਭ ਲਈ ਚਿੰਤਾ ਦਾ ਵਿਸ਼ਾ ਹੈ।


ਬੁਰਜ਼ਗਿੱਲ ਤੇ ਜਗਮੋਹਨ ਸਿੰਘ ਨੇ ਕਿਹਾ ਕਿ ਸੰਘਰਸ਼ ਇੱਕੋ ਇੱਕ ਹੱਲ ਹੈ, ਸਾਡੇ ਸੰਘਰਸ਼ ਲੰਮੇ ਚੱਲ ਸਕਦੇ ਹਨ, ਪਰ ਅਸੀਂ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦਿਆਂਗੇ। ਬੁਰਜ਼ਗਿੱਲ ਤੇ ਜਗਮੋਹਨ ਸਿੰਘ ਨੇ ਕਿਹਾ ਕਿ ਖ਼ੁਦਕੁਸ਼ੀ ਵਰਗਾ ਕਦਮ ਚੁੱਕਣਾ ਬੁਜ਼ਦਿਲੀ ਹੈ। ਕਿਸਾਨਾਂ ਨੇ ਆਪਣੇ ਇਸ ਅੰਦੋਲਨ ਦੌਰਾਨ ਜਿਹੜੇ ਹੌਂਸਲੇ ਦਾ ਸਬੂਤ ਦਿੱਤਾ ਹੈ, ਉਸ ਹੌਂਸਲੇ ਦੀ ਚਰਚਾ ਇਸ ਵੇਲੇ ਪੂਰੀ ਦੁਨੀਆਂ ਵਿਚ ਹੈ।

ਉਨ੍ਹਾਂ ਕਿਹਾ ਕਿ ਜੋ ਹਾਲਾਤ ਕਿਸਾਨਾਂ ਦੇ ਸਰਕਾਰਾਂ ਨੇ ਬਣਾਏ ਹਨ, ਇਸ ਕਰਕੇ ਕਿਸਾਨ ਨੇ ਪਿਛਲੇ ਸਾਲਾਂ ਵਿੱਚ ਖੁਦ ਨੂੰ ਖੁਦਕੁਸ਼ੀਆਂ ਦੇ ਰਾਹ ਤੋਰ ਲਿਆ ਸੀ, ਜਦੋਂਕਿ ਹੁਣ ਕਿਸਾਨਾਂ ਨੇ ਸਰਕਾਰ ਨੂੰ ਸ਼ਾਂਤਮਈ ਅੰਦੋਲਨ ਕਰਕੇ ਮਜ਼ਬੂਰ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਗੱਲ ਸੁਣੇ।

ਪੰਜਾਬ ਦੇ ਕਿਸਾਨਾਂ ਨੂੰ ਇਸ ਵੇਲੇ ਸੰਘਰਸ਼ ਵਿਚ ਵੱਡੇ ਭਰਾ ਦਾ ਰੋਲ ਮਿਲਿਆ ਹੈ ਤੇ ਵੱਡਾ ਭਰਾ ਖ਼ੁਦਕੁਸ਼ੀ ਨਹੀਂ ਕਰ ਸਕਦਾ ਇਸ ਕਰਕੇ ਭੁੱਲ ਕੇ ਵੀ ਖ਼ੁਦਕੁਸ਼ੀ ਬਾਰੇ ਨਾ ਸੋਚੋ। ਆਪਾਂ ਜਿਸ ਹੌਂਸਲੇ ਨਾਲ ਇਹ ਸੰਘਰਸ਼ ਚਲਾ ਰਹੇ ਹਾਂ ਯਕੀਨੀ ਜਿੱਤ ਆਪਣੀ ਹੀ ਹੋਣੀ ਹੈ।