ਅੰਮ੍ਰਿਤਸਰ: ਪੰਜਾਬ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੇ ਹਵਾਈ ਸੰਪਰਕ ਲਈ ਚੰਗੀ ਖ਼ਬਰ ਆਈ ਹੈ। ਕੋਵਿਡ ਮਹਾਂਮਾਰੀ ਤੋਂ ਬਾਅਦ ਹੁਣ ਇਹ ਏਅਰਪੋਰਟ ਆਉਣ ਵਾਲੀਆਂ ਸਰਦੀਆਂ ਲਈ 6 ਮੁਲਕਾਂ ਦੇ 9 ਅੰਤਰਰਾਸ਼ਟਰੀ ਅਤੇ ਭਾਰਤ ਦੇ 11 ਘਰੇਲੂ ਹਵਾਈ ਅੱਡਿਆਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੁੜ ਗਿਆ ਹੈ। ਏਅਰਲਾਈਨ ਉਦਯੋਗ ਵਿੱਚ ਸਰਦੀਆਂ ਦਾ ਮੌਸਮ ਨਵੰਬਰ ਮਹੀਨੇ 'ਚ ਸ਼ੁਰੂ ਹੁੰਦਾ ਹੈ ਅਤੇ ਮਾਰਚ ਦੇ ਅਖੀਰ 'ਚ ਖ਼ਤਮ ਹੁੰਦਾ ਹੈ।


ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਭਾਰਤੀ ਏਅਰਲਾਈਨ ਸਪਾਈਸਜੈੱਟ ਵਲੋਂ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਇਟਲੀ ਦੇ ਰੋਮ ਅਤੇ ਮਿਲਾਨ ਬਰਗਾਮੋ ਹਵਾਈ ਅੱਡੇ ਲਈ ਸਿੱਧੀਆਂ ਨਿਰਧਾਰਤ ਉਡਾਣਾਂ ਸ਼ੁਰੂ ਹੋਣ ਨਾਲ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਹੋਰ ਹੁਲਾਰਾ ਮਿਲਿਆ ਹੈ। ਸਪਾਈਸਜੈੱਟ ਕੋਵਿਡ ਦੌਰਾਨ ਸਤੰਬਰ 2020 ਤੋਂ ਇਟਲੀ ਲਈ ਵਿਸ਼ੇਸ਼ ਚਾਰਟਰ ਉਡਾਣਾਂ ਚਲਾ ਰਹੀ ਸੀ। ਇਹ ਉਡਾਣ ਤਬਿਲਿਸੀ, ਜਾਰਜੀਆ ਵਿਖੇ ਜਹਾਜ਼ ਵਿੱਚ ਤੇਲ ਭਰਾਉਣ ਵਾਸਤੇ 40 ਮਿੰਟ ਲਈ ਰੁਕਦੀ ਹੈ।


ਯੂਰਪ, ਯੂਕੇ, ਅਤੇ ਉੱਤਰੀ ਅਮਰੀਕਾ ਨਾਲ ਅੰਮ੍ਰਿਤਸਰ ਦੇ ਵਿਸਤ੍ਰਿਤ ਹਵਾਈ ਸੰਪਰਕ ਬਾਰੇ ਉਹਨਾਂ ਦੱਸਿਆ ਕਿ ਏਅਰ ਇੰਡੀਆ 16 ਨਵੰਬਰ ਤੋਂ ਬਰਮਿੰਘਮ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਦੀ ਮੋਜੂਦਾ ਗਿਣਤੀ ਨੂੰ ਹਫ਼ਤੇ 'ਚ 2 ਤੋਂ ਵਧਾ ਕੇ 3 ਕਰ ਰਹੀ ਹੈ। ਇਸੇ ਤਰਾਂ ਲੰਡਨ ਹੀਥਰੋ ਲਈ ਵੀ ਹਫਤੇ ਵਿੱਚ 3 ਸਿੱਧੀਆਂ ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਕਤਰ ਏਅਰਵੇਜ਼ ਵੀ ਦੋਹਾ ਰਾਹੀਂ ਅਮਰੀਕਾ, ਕੈਨੇਡਾ, ਯੂਰਪ, ਅਤੇ ਹੋਰਨਾਂ ਮੁਲਕਾਂ ਤੋਂ ਛੁੱਟੀਆਂ ਮਨਾਉਣ ਲਈ ਪੰਜਾਬ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਲਈ ਰੋਜਾਨਾ ਸਿੱਧੀ ਉਡਾਣ ਨਾਲ ਸੁਵਿਧਾਜਨਕ ਸੰਪਰਕ ਦੇ ਵਿਕਲਪ ਉਪਲੱਬਧ ਕਰਾ ਰਹੀ ਹੈ।


ਵਿਦੇਸ਼ ਤੋਂ ਭਾਰਤ ਆ ਰਹੇ ਯਾਤਰੀ ਵੀ ਏਅਰ ਇੰਡੀਆ ਵੱਲੋਂ ਦਿੱਲੀ-ਅੰਮ੍ਰਿਤਸਰ ਦਰਮਿਆਨ ਉਡਾਣਾਂ ਦੀ ਵੱਧ ਰਹੀ ਗਿਣਤੀ ਦਾ ਲਾਭ ਉਠਾ ਸਕਦੇ ਹਨ। ਏਅਰ ਇੰਡੀਆ ਦੀਆਂ ਰੋਜ਼ਾਨਾ 3, ਇੰਡੀਗੋ 4 ਅਤੇ ਵਿਸਤਾਰਾ ਦੀਆਂ 2 ਉਡਾਣਾਂ ਹਨ। ਏਅਰ ਇੰਡੀਆ ਵਲੋਂ ਦਿੱਲੀ ਤੋਂ ਅੰਮ੍ਰਿਤਸਰ ਲਈ ਦੁਪਹਿਰ 2:15 ਵਜੇ ਦੀ ਨਵੀਂ ਉਡਾਣ ਦੇ ਨਾਲ, ਯਾਤਰੀ ਹੁਣ 17 ਘੰਟਿਆ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ ਤੱਕ ਦਾ ਸਫ਼ਰ ਪੂਰਾ ਕਰ ਸਕਦੇ ਹਨ ਅਤੇ ਦਿੱਲੀ ਰਾਹੀਂ ਹੀ 19 ਘੰਟਿਆ 'ਚ ਟੋਰਾਂਟੋ ਵਾਪਸੀ ਦਾ ਸਫਰ ਪੂਰਾ ਕਰ ਸਕਦੇ ਹਨ।


ਅੰਮ੍ਰਿਤਸਰ ਤੋਂ ਏਅਰ ਇੰਡੀਆ ਐਕਸਪ੍ਰੈਸ ਰਾਹੀਂ ਯੂਏਈ ਦੇ ਦੁਬਈ ਲਈ ਰੋਜ਼ਾਨਾ ਅਤੇ ਸ਼ਾਰਜਾਹ ਲਈ ਹਫ਼ਤੇ 'ਚ 3 ਉਡਾਣਾਂ ਹਨ। ਇਸ ਤੋਂ ਇਲਾਵਾ ਸਪਾਈਸਜੈੱਟ ਅਤੇ ਇੰਡੀਗੋ ਦੁਬਈ ਅਤੇ ਸ਼ਾਰਜਾਹ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਚਲਾ ਰਹੇ ਹਨ। ਇਸ ਨਾਲ ਅੰਮ੍ਰਿਤਸਰ ਤੋਂ ਯੂਏਈ ਲਈ ਹਫ਼ਤੇ 'ਚ ੳਡੁਾਣਾਂ ਦੀ ਗਿਣਤੀ 24 ਹੋ ਗਈ ਹੈ। ਸੈਰ ਸਪਾਟਾ ਦੇ ਨਾਲ ਨਾਲ, ਪੰਜਾਬ ਤੋਂ ਵੱਡੀ ਗਿਣਤੀ ਉੱਥੇ ਕੰਮ ਕਰਨ ਲਈ ਵੀ ਜਾਂਦੀ ਹੈ।


ਸਿੰਗਾਪੁਰ ਏਅਰਲਾਈਨਜ਼ ਦੀ ਘੱਟ ਕਿਰਾਏ ਵਾਲੀ ਸਕੂਟ ਹਫ਼ਤੇ ਵਿੱਚ 5 ਦਿਨ ਅਤੇ ਮਲੇਸ਼ੀਆ ਦੀ ਬਾਟਿਕ ਏਅਰ ਹਫਤੇ ਵਿੱਚ 4 ਦਿਨ ਅੰਮ੍ਰਿਤਸਰ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟ੍ਰੇਲੀਆ ਅਤੇ ਹੋਰਨਾਂ ਦੱਖਣ-ਪੂਰਬੀ ਏਸ਼ੀਆਈ ਮੁਲਕਾਂ ਨਾਲ ਜੋੜਦੇ ਹਨ। ਘਰੇਲੂ ਉਡਾਣਾਂ ਵਿੱਚ ਅੰਮ੍ਰਿਤਸਰ ਦਿੱਲੀ ਸਮੇਤ ਮੁੰਬਈ, ਸ੍ਰੀਨਗਰ, ਕੋਲਕਤਾ, ਬੈਂਗਲੁਰੂ, ਪੁਣੇ, ਗੋਆ, ਲਖਨਉ ਅਤੇ ਅਹਿਮਦਾਬਾਦ, ਚੇਨਈ ਅਤੇ ਹੈਦਰਾਬਾਦ ਨਾਲ ਜੁੜਿਆ ਹੈ।


ਫਲਾਈ ਅੰਮ੍ਰਿਤਸਰ ਮੁਹਿੰਮ ਨੇ ਮੁੜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਯਾਤਰੀਆਂ ਦੀ ਗਿਣਤੀ ਵਧਾਉਣ ਅਤੇ ਉਡਾਣਾਂ ਨੂੰ ਕਾਮਯਾਬ ਕਰਨ ਲਈ ਜਰੂਰੀ ਬੁਨਿਆਦੀ ਢਾਂਚਾ ਤਿਆਰ ਕਰਕੇ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਗੁਆਂਢੀ ਰਾਜਾਂ ਨਾਲ ਬੱਸ ਸੇਵਾ ਦੀ ਜਨਤਕ ਆਵਾਜਾਈ ਰਾਹੀਂ ਜੋੜੇ, ਕਾਰਗੋ ਲਈ ਕਿਸਾਨਾਂ ਅਤੇ ਉਦਯੋਗਾਂ ਨੂੰ ਲੋੜੀਂਦੀਆਂ ਸਹੁਲਤਾਂ ਦੇਵੇ।


 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: